ਮਨੀ ਲਾਂਡਰਿੰਗ ਮਾਮਲੇ ''ਚ ਦੋਸ਼ੀ ਪਾਕਿ ਨਾਗਰਿਕ ਨੂੰ ਅਮਰੀਕਾ ਨੇ ਦਿੱਤਾ ਦੇਸ਼ ਨਿਕਾਲਾ
Thursday, Sep 27, 2018 - 10:33 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਬੀਤੇ ਸਾਲ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਇਕ ਪਾਕਿਸਤਾਨੀ ਨਾਗਰਿਕ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੂੰ ਜੇਲ ਵਿਚੋਂ ਰਿਹਾਈ ਦੇ ਬਾਅਦ 7 ਕਰੋੜ 10 ਲੱਖ ਡਾਲਰ ਦੀ ਰਾਸ਼ੀ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਇਕ ਫੈਡਰਲ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਪੈਨਸਿਲਵੇਨੀਆ ਦੀ ਇਕ ਜੇਲ ਵਿਚ ਸਜ਼ਾ ਕੱਟਣ ਦੇ ਬਾਅਦ ਮੁਹੰਮਦ ਸੋਹੇਲ ਕਸਮਾਨੀ (50) ਨੂੰ ਅਮਰੀਕਾ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਮੰਗਲਵਾਰ ਨੂੰ ਬਿਨਾ ਕਿਸੇ ਵਿਰੋਧ ਦੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਜੂਨ 2017 ਵਿਚ ਇਕ ਫੈਡਰਲ ਅਦਾਲਤ ਨੇ ਉਸ ਨੂੰ ਆਨਲਾਈਨ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ।
ਅਮਰੀਕੀ ਪ੍ਰਵਾਸੀ ਅਤੇ ਕਸਟਮ ਵਿਭਾਗ (ਆਈ.ਸੀ.ਆਈ.) ਮੁਤਾਬਕ ਉਸ ਨੂੰ 48 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਹਰਜਾਨੇ ਦੇ ਤੌਰ 'ਤੇ ਕਰੀਬ 7 ਕਰੋੜ 10 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਸੀ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਕਸਮਾਨੀ ਨੇ ਕੈਲੀਫੋਰਨੀਆ ਵਿਚ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 22 ਦਸੰਬਰ, 2014 ਨੂੰ ਬੀ-2 ਗੈਰ ਪ੍ਰਵਾਸੀ ਵਿਜ਼ਿਟਰ ਦੇ ਰੂਪ ਵਿਚ ਅਮਰੀਕਾ ਵਿਚ ਦਾਖਲੇ ਲਈ ਅਪੀਲ ਕੀਤੀ ਸੀ। ਅਮਰੀਕੀ ਕਸਟਮ ਵਿਭਾਗ ਅਤੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਪਰਾਧਿਕ ਮੁਕੱਦਮਾ ਚਲਾਉਣ ਦੇ ਉਦੇਸ਼ ਨਾਲ ਉਸ ਨੂੰ ਅਮਰੀਕਾ ਵਿਚ ਪੈਰੋਲ ਦਿੱਤੀ ਅਤੇ ਫੈਡਰਲ ਜਾਂਚ ਬਿਊਰੋ ਦੀ ਹਿਰਾਸਤ ਵਿਚ ਸੌਂਪ ਦਿੱਤਾ। ਜੂਨ 2017 ਵਿਚ ਕਸਮਾਨੀ ਨੂੰ ਫੈਡਰਲ ਅਦਾਲਤ ਨੇ ਦੋਸ਼ੀ ਠਹਿਰਾਇਆ।