ਅਮਰੀਕਾ : ਸ਼ਟਡਾਊਨ ਕਾਰਨ ਨਵੇਂ ਵਿਆਹੇ ਜੋੜੇ ਪਰੇਸ਼ਾਨੀ ''ਚ

01/04/2019 12:28:56 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਨਾਗਰਿਕ ਡੈਨ ਪੋਲਕ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਆਪਣੇ ਵਿਆਹ ਦਾ ਸਰਟੀਫਿਕੇਟ ਲੈਣ ਲਈ ਵਾਸ਼ਿੰਗਟਨ ਵਿਚ 'ਮੈਰਿਜ ਬਿਊਰੋ' ਪਹੁੰਚੇ। ਪਰ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਡੈਨ ਪੋਲਕ ਅਤੇ ਉਨ੍ਹਾਂ ਦੀ ਪਤਨੀ ਵਾਂਗ ਅਮਰੀਕਾ ਵਿਚ ਕਈ ਹੋਰ ਅਜਿਹੇ ਜੋੜੇ ਹਨ ਜੋ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਆਪਣੇ ਵਿਆਹ ਨੂੰ ਕਾਨੂੰਨੀ ਦਰਜਾ ਨਹੀਂ ਦੇ ਪਾ ਰਹੇ ਹਨ। ਪੋਲਕ ਨੇ ਕਿਹਾ,''ਜਦੋਂ ਅਸੀਂ ਬਿਊਰੋ ਪਹੁੰਚੇ ਅਤੇ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਸਾਨੂੰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਸਰਕਾਰੀ ਕੰਮਕਾਜ ਮੁੜ ਸ਼ੁਰੂ ਹੋਣ ਤੱਕ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ।'' 

ਪਹਿਲਾਂ ਤੋਂ ਨਿਰਧਾਰਤ ਵਿਆਹ ਸਮਾਰੋਹ ਵਿਚ 2 ਦਿਨ ਹੀ ਬਾਕੀ ਹੋਣ ਕਾਰਨ ਉਨ੍ਹਾਂ ਨੇ ਵਿਆਹ ਪ੍ਰੋਗਰਾਮ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਲਿਆ ਪਰ ਆਪਣੇ ਵਿਆਹ ਨੂੰ ਕਾਨੂੰਨੀ ਦਰਜਾ ਦੇਣ ਲਈ ਉਹ ਕੰਮਕਾਜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਜੋੜੇ ਨੇ ਟਵਿੱਟਰ 'ਤੇ ਆਪਣੀ ਕਹਾਣੀ ਪੋਸਟ ਕੀਤੀ ਹੈ ਜੋ ਸਰਕਾਰ ਕੰਮਕਾਜ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦਾ ਇਕ ਉਦਾਹਰਨ ਹੈ। ਸਰਕਾਰੀ ਕੰਮਕਾਜ ਮੁੜ ਜਲਦੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਨਾ ਆਉਣ ਕਾਰਨ ਨਵੇਂ ਵਿਆਹੇ ਜੋੜਿਆਂ ਦੀ ਚਿੰਤਾ ਵਧਣ ਲੱਗੀ ਹੈ। 

ਪੋਲਕ ਵਾਂਗ ਹੀ ਕਲੇਅਰ ਓ ਰੌਰਕੇ ਦਾ 12 ਜਨਵਰੀ ਨੂੰ ਵਿਆਹ ਹੋਣਾ ਤੈਅ ਹੈ। ਉਨ੍ਹਾਂ ਨੇ ਕਿਹਾ,''ਅਸੀਂ ਵਿਆਹ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਕਾਗਜ਼ੀ ਕਾਰਵਾਈ ਦਾ ਕੰਮ ਵੀ ਜਲਦੀ ਪੂਰਾ ਹੋਵੇ।'' ਹਾਲਾਂਕਿ ਵਾਸ਼ਿੰਗਟਨ ਦੇ ਮੇਅਰ ਮੁਰਿਯਲ ਬੋਜ਼ਰ ਨੇ ਕੰਮਕਾਜ ਠੱਪ ਹੋਣ ਦੇ ਬਾਵਜੂਦ ਵਿਆਹ ਲਾਇਸੈਂਸ ਜਾਰੀ ਕਰਨ ਲਈ ਅਸਧਾਰਨ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ ਤਾਂ ਜੋ ਸਰਟੀਫਿਕੇਟ ਜਾਰੀ ਕੀਤੇ ਜਾ ਸਕਣ। ਵਰਨਣਯੋਗ ਹੈ ਕਿ ਅਮਰੀਕਾ-ਮੈਕਸੀਕੋ ਸੀਮਾ 'ਤੇ ਕੰਧ ਨਿਰਮਾਣ ਦੀ ਟਰੰਪ ਦੀ ਮੰਗ ਨੂੰ ਲੈ ਕੇ ਰੀਪਬਲਿਕਨ ਅਤੇ ਡੈਮੋਕ੍ਰੇਟਸ ਆਪਣੇ-ਆਪਣੇ ਰਵੱਈਏ 'ਤੇ ਅੜੇ ਹੋਏ ਹਨ। ਟਰੰਪ ਇਸ ਕੰਧ ਲਈ 5.6 ਅਰਬ ਡਾਲਰ ਦੇ ਫੰਡ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਮੁਤਾਬਕ ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ 'ਤੇ ਰੋਕ ਲਈ ਇਸ ਕੰਧ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ। ਉੱਥੇ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕਦਮ ਚੁੱਕਣਾ ਟੈਕਸ ਦੇਣ ਵਾਲਿਆਂ ਦੇ ਧਨ ਦੀ ਬਰਬਾਦੀ ਹੈ।


Vandana

Content Editor

Related News