ਅਮਰੀਕਾ ਨੇ ਮੁੰਬਈ ਹਮਲੇ ਦੇ ਅਪਰਾਧੀਆਂ ''ਤੇ ਰੱਖਿਆ 50 ਲੱਖ ਡਾਲਰ ਦਾ ਇਨਾਮ
Monday, Nov 26, 2018 - 10:14 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਸੋਮਵਾਰ ਨੂੰ ਸਾਲ 2008 ਦੇ ਮੁੰਬਈ ਹਮਲੇ ਵਿਚ ਸ਼ਾਮਲ ਕਿਸੇ ਵੀ ਅਪਰਾਧੀ ਦੀ ਗ੍ਰਿਫਤਾਰੀ ਜਾਂ ਉਸ ਦੀ ਦੋਸ਼ਸਿਧੀ ਦੇ ਲਈ ਸੂਚਨਾ ਦੇਣ ਵਾਲਿਆਂ ਨੂੰ 50 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ। ਟਰੰਪ ਪ੍ਰਸ਼ਾਸਨ ਨੇ ਮੁੰਬਈ ਹਮਲੇ ਦੀ 10ਵੀਂ ਵਰ੍ਹੇਗੰਢ 'ਤੇ ਇਸ ਵੱਡੇ ਪੁਰਸਕਾਰ (35 ਕਰੋੜ ਰੁਪਏੇ ਤੋਂ ਵੱਧ) ਦਾ ਐਲਾਨ ਕੀਤਾ। ਇਸ ਹਮਲੇ ਵਿਚ ਲਸ਼ਕਰ-ਏ-ਤੈਅਬਾ ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ ਦੀ ਵਿੱਤੀ ਰਾਜਧਾਨੀ 'ਤੇ ਹਮਲਾ ਕੀਤਾ ਸੀ ਜਿਸ ਵਿਚ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ।
ਇਹ ਕਦਮ ਉਪ ਰਾਸ਼ਟਰਪਤੀ ਮਾਈਕ ਪੇਨਸ ਦੇ ਸਿੰਗਾਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰਨ ਦੇ 15 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਚੁੱਕਿਆ ਗਿਆ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਬੈਠਕ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਕਿ ਮੁੰਬਈ ਹਮਲੇ ਦੇ 10 ਸਾਲ ਬੀਤ ਜਾਣ ਦੇ ਬਾਵਜੂਦ ਹਮਲੇ ਵਿਚ ਸ਼ਾਮਲ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ਵਿਚ ਨਹੀਂ ਲਿਆਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਰਿਵਾਰਡਸ ਫੌਰ ਜਸਟਿਸ ਪ੍ਰੋਗਰਾਮ ਨੇ ਕਿਹਾ ਕਿ ਉਹ ਮੁੰਬਈ ਹਮਲੇ ਨੂੰ ਜਿਸ ਨੇ ਵੀ ਅੰਜਾਮ ਦਿੱਤਾ, ਉਸ ਦੀ ਸਾਜਿਸ਼ ਰਚੀ, ਉਸ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ ਜਾਂ ਉਸ ਨੂੰ ਉਕਸਾਇਆ, ਉਸ ਦੀ ਗ੍ਰਿਫਤਾਰੀ ਜਾਂ ਕਿਸੇ ਦੇਸ਼ ਵਿਚ ਦੋਸ਼ਸਿਧੀ ਲਈ ਸੂਚਨਾ ਦੇਣ ਵਾਲਿਆਂ ਨੂੰ 50 ਲੱਖ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕਰਦਾ ਹੈ।
ਉਸ ਨੇ ਕਿਹਾ,''ਅਮਰੀਕਾ 2008 ਦੇ ਮੁੰਬਈ ਹਮਲੇ ਲਈ ਜੋ ਵੀ ਜ਼ਿੰਮੇਵਾਰ ਹੈ ਉਸ ਦੀ ਪਛਾਣ ਕਰਨ ਅਤੇ ਉਸ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।'' ਇਹ ਐਲਾਨ ਮੁੰਬਈ ਹਮਲੇ ਵਿਚ ਸ਼ਾਮਲ ਲੋਕਾਂ ਦੇ ਬਾਰੇ ਵਿਚ ਸੂਚਨਾ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦੀ ਤੀਜਾ ਇਨਾਮ ਹੈ। ਅਪ੍ਰੈਲ 2012 ਵਿਚ ਵਿਦੇਸ਼ ਮੰਤਰਾਲੇ ਨੇ ਲਸ਼ਕਰ-ਏ-ਤੈਅਬਾ ਦੇ ਬਾਨੀ ਹਾਫਿਜ਼ ਸਈਦ ਅਤੇ ਲਸ਼ਕਰ ਦੇ ਇਕ ਹੋਰ ਸੀਨੀਅਰ ਨੇਤਾ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਸੰਬਰ 2001 ਵਿਚ ਵਿਦੇਸ਼ ਮੰਤਰਾਲੇ ਨੇ ਲਸ਼ਕਰ-ਏ-ਤੈਅਬਾ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕੀਤਾ ਸੀ। ਇਹ ਐਲਾਨ ਅੱਤਵਾਦ ਵਿਰੁੱਧ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਲਈ ਸਮਰਥਨ ਵਿਚ ਕਮੀ ਲਿਆਉਣ ਅਤੇ ਸਮੂਹਾਂ 'ਤੇ ਅੱਤਵਾਦ ਦੇ ਕਾਰੋਬਾਰ ਤੋਂ ਵੱਖ ਹੋਣ ਲਈ ਦਬਾਅ ਪਾਉਣ ਦਾ ਪ੍ਰਭਾਵਸ਼ਾਲੀ ਸਾਧਨ ਹੈ।