ਟਰੰਪ ਨੇ ਰੱਦ ਕੀਤੀ ਤਾਲਿਬਾਨ ਨਾਲ ਸ਼ਾਂਤੀ ਵਾਰਤਾ, ਇਹ ਹੈ ਵਜ੍ਹਾ

Sunday, Sep 08, 2019 - 09:06 AM (IST)

ਟਰੰਪ ਨੇ ਰੱਦ ਕੀਤੀ ਤਾਲਿਬਾਨ ਨਾਲ ਸ਼ਾਂਤੀ ਵਾਰਤਾ, ਇਹ ਹੈ ਵਜ੍ਹਾ

ਵਾਸ਼ਿੰਗਟਨ (ਬਿਊਰੋ)— ਕਾਬੁਲ ਵਿਚ ਇਕ ਅਮਰੀਕੀ ਫੌਜੀ ਦੀ ਹੱਤਿਆ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਖੁਦ ਟਰੰਪ ਨੇ ਇਕ ਟਵੀਟ ਜ਼ਰੀਏ ਦਿੱਤੀ। ਟਰੰਪ ਨੇ ਟਵੀਟ ਵਿਚ ਲਿਖਿਆ,''ਕਾਬੁਲ ਵਿਚ ਇਕ ਹਮਲੇ ਵਿਚ ਸਾਡੇ ਇਕ ਮਹਾਨ ਫੌਜੀ ਅਤੇ 11 ਲੋਕਾਂ ਦੀ ਮੌਤ ਹੋ ਗਈ। ਮੈਂ ਤੁਰੰਤ ਪ੍ਰਭਾਵ ਨਾਲ ਇਹ ਮੀਟਿੰਗ ਰੱਦ ਕਰਦਾ ਹਾਂ ਅਤੇ ਸ਼ਾਂਤੀ ਸਮਝੌਤੇ ਨੂੰ ਵੀ ਬੰਦ ਕਰਦਾ ਹਾਂ।'' ਟਰੰਪ ਨੇ ਕਿਹਾ ਕਿ ਸੌਦੇਬਾਜ਼ੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿੰਝ ਕੁਝ ਲੋਕ ਦੂਜੇ ਲੋਕਾਂ ਨੂੰ ਮਾਰ ਸਕਦੇ ਹਨ।

 

ਟਰੰਪ ਨੇ ਅੱਗੇ ਕਿਹਾ,''ਤਾਲਿਬਾਨ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਜੇਕਰ ਉਹ ਇਨ੍ਹਾਂ ਮਹੱਤਵਪੂਰਣ ਸ਼ਾਂਤੀ ਵਾਰਤਾ ਦੌਰਾਨ ਜੰਗਬੰਦੀ ਲਈ ਸਹਿਮਤ ਨਹੀਂ ਹੋ ਸਕਦੇ ਹਨ ਅਤੇ ਇੱਥੇ ਤੱਕ ਕਿ 12 ਬੇਕਸੂਰ ਲੋਕਾਂ ਨੂੰ ਮਾਰ ਸਕਦੇ ਹਨ ਤਾਂ ਸ਼ਾਇਦ ਉਹ ਇਕ ਸਾਰਥਕ ਸਮਝੌਤੇ 'ਤੇ ਗੱਲਬਾਤ ਕਰਨ ਦੀ ਤਾਕਤ ਨਹੀਂ ਰੱਖਦੇ। ਕਿੰਨੇ ਹੋਰ ਸਾਲਾਂ ਤੱਕ ਉਹ ਲੜਨ ਲਈ ਤਿਆਰ ਹਨ? ਟਰੰਪ ਨੇ ਟਵੀਟ ਵਿਚ ਦੱਸਿਆ ਕਿ ਵੱਡੇ ਤਾਲਿਬਾਨੀ ਨੇਤਾ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਐਤਵਾਰ ਨੂੰ ਗੁਪਤ ਤਰੀਕੇ ਨਾਲ ਕੈਂਪ ਡੈਵਿਡ ਵਿਚ ਉਨ੍ਹਾਂ ਨਾਲ ਮਿਲਣ ਆ ਰਹੇ ਸਨ। ਅੱਜ ਰਾਤ ਉਨ੍ਹਾਂ ਨੇ ਅਮਰੀਕਾ ਆਉਣਾ ਸੀ। ਇਹ ਸਾਫ ਹੋ ਗਿਆ ਕਿ ਬਦਕਿਸਮਤੀ ਨਾਲ ਝੂਠੇ ਲਾਭ ਲੈਣ ਲਈ ਉਨ੍ਹਾਂ ਨੇ ਅਜਿਹਾ ਕੀਤਾ।

 

ਸ਼ੁੱਕਰਵਾਰ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ 13 ਮੈਂਬਰੀ ਵਫਦ ਨਾਲ ਸ਼ਨੀਵਾਰ ਨੂੰ ਅਮਰੀਕਾ ਦੀ ਯਾਤਰਾ ਕਰਨਗੇ ਅਤੇ 9 ਸਤੰਬਰ ਨੂੰ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਇਸ ਤੋਂ ਪਹਿਲਾਂ ਹੀ ਸਾਫ ਕਰ ਦਿੱਤਾ ਕਿ ਉਹ ਫੌਜੀ ਦੀ ਹੱਤਿਆ ਕਾਰਨ ਬੈਠਕ ਰੱਦ ਕਰ ਰਹੇ ਹਨ। ਇਸ ਤੋਂ ਪਹਿਲਾਂ ਅਫਗਾਨ ਸਰਕਾਰ ਨੇ ਅਮਰੀਕਾ ਅਤੇ ਤਾਲਿਬਾਨ ਵਿਚ ਸ਼ਾਂਤੀ ਸਮਝੌਤੇ ਦੇ ਨਕਰਾਤਮਕ ਪਹਿਲੂਆਂ 'ਤੇ ਚਿੰਤਾ ਜ਼ਾਹਰ ਕੀਤੀ ਸੀ। 


author

Vandana

Content Editor

Related News