ਚੀਨ-ਰੂਸ ''ਚ ਤਣਾਅ, ਜਾਪਾਨ ਸਾਗਰ ''ਚ ਅਮਰੀਕਾ, ਆਸਟ੍ਰੇਲੀਆ, ਜਰਮਨੀ ਅਤੇ ਕੈਨੇਡਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

Thursday, Nov 25, 2021 - 01:18 PM (IST)

ਚੀਨ-ਰੂਸ ''ਚ ਤਣਾਅ, ਜਾਪਾਨ ਸਾਗਰ ''ਚ ਅਮਰੀਕਾ, ਆਸਟ੍ਰੇਲੀਆ, ਜਰਮਨੀ ਅਤੇ ਕੈਨੇਡਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਟੋਕੀਓ (ਬਿਊਰੋ): ਦੱਖਣੀ ਚੀਨ ਸਾਗਰ ਤੋਂ ਲੈ ਕੇ ਜਾਪਾਨ ਦੇ ਸਾਗਰ ਤੱਕ ਚੀਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਅਮਰੀਕਾ, ਜਾਪਾਨ, ਆਸਟ੍ਰੇਲੀਆ, ਕੈਨੇਡਾ, ਜਰਮਨੀ ਦੀਆਂ ਜਲ ਸੈਨਾਵਾਂ ਸਮੁੰਦਰੀ ਅਭਿਆਸ ਕਰ ਰਹੀਆਂ ਹਨ। ਪਿਛਲੇ ਐਤਵਾਰ ਤੋਂ  ਸ਼ੁਰੂ ਹੋਇਆ ਇਹ ਅਭਿਆਸ 30 ਨਵੰਬਰ ਤੱਕ ਜਾਰੀ ਰਹੇਗਾ। ਜਾਪਾਨੀ ਫ਼ੌਜ ਦੁਆਰਾ ਆਯੋਜਿਤ ਇਸ ਅਭਿਆਸ ਨੂੰ ANNUALEX 2021 ਦਾ ਨਾਮ ਦਿੱਤਾ ਗਿਆ ਹੈ। ਇਹ ਅਭਿਆਸ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਪਹਿਲੀ ਵਾਰ ਜਰਮਨੀ ਇਸ ਵਿੱਚ ਹਿੱਸਾ ਲੈ ਰਿਹਾ ਹੈ। ਇਹ ਅਭਿਆਸ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਚੀਨ ਇਸ ਖੇਤਰ 'ਚ ਲਗਾਤਾਰ ਦਬਦਬਾ ਦਿਖਾ ਰਿਹਾ ਹੈ ਅਤੇ ਰੂਸ ਨਾਲ ਮਿਲ ਕੇ ਲੜਾਕੂ ਜਹਾਜ਼ ਉਡਾ ਰਿਹਾ ਹੈ।

ਇਸ ਦੌਰਾਨ ਅਭਿਆਸਾਂ ਵਿੱਚ ਸਮੁੰਦਰੀ ਆਪਸੀ ਤਾਲਮੇਲ ਦੀ ਰਣਨੀਤੀ, ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰਨ ਦੀ ਸਮਰੱਥਾ, ਹਵਾਈ ਯੁੱਧ ਦੇ ਹੁਨਰ, ਇੱਕ ਦੂਜੇ ਦੇ ਜੰਗੀ ਜਹਾਜ਼ਾਂ 'ਤੇ ਜਹਾਜ਼ਾਂ ਨੂੰ ਉਤਾਰਨਾ ਆਦਿ ਦਾ ਅਭਿਆਸ ਸ਼ਾਮਲ ਹੈ। ਜਰਮਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਹੁਣ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਅਭਿਆਸ ਲਈ ਆਪਣੀ ਜਲ ਸੈਨਾ ਭੇਜਣਾ ਜਾਰੀ ਰੱਖੇਗਾ।ਨਾਲ ਹੀ ਉਹ ਖੇਤਰ ਵਿੱਚ ਆਪਣੇ ਭਾਈਵਾਲ ਦੇਸ਼ਾਂ ਨਾਲ ਰੱਖਿਆ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ। ਜਰਮਨੀ ਨੇ ਇਸ ਅਭਿਆਸ ਲਈ ਆਪਣਾ ਫ੍ਰੀਗੇਟ FGS Bayern ਭੇਜਿਆ ਹੈ।

ਚੀਨ ਦੇ ਦਬਦਬੇ ਤੋਂ ਪਰੇਸ਼ਾਨ ਹਨ ਇਹ ਦੇਸ਼
ਅਮਰੀਕਾ ਵੱਲੋਂ ਏਅਰਕ੍ਰਾਫਟ ਕੈਰੀਅਰ ਯੂਐੱਸਐੱਸ. ਕਾਰਲ ਵਿਨਸਨ ਸਮੇਤ ਕਈ ਕਰੂਜ਼ਰ ਅਤੇ ਵਿਨਾਸ਼ਕਾਰੀ ਜਹਾਜ਼ ਹਿੱਸਾ ਲੈ ਰਹੇ ਹਨ। ਅਮਰੀਕੀ ਜਲ ਸੈਨਾ ਆਪਣੇ ਜੰਗੀ ਬੇੜੇ USS ਤੁਲਸਾ ਅਤੇ P8 ਜਹਾਜ਼ਾਂ ਨਾਲ ਮਲੇਸ਼ੀਆ ਦੀ ਜਲ ਸੈਨਾ ਨਾਲ ਅਭਿਆਸ ਵੀ ਕਰੇਗੀ। ਦੱਖਣੀ ਚੀਨ ਸਾਗਰ ਨਾਲ ਲੱਗਦੇ ਦੇਸ਼ ਇਨ੍ਹਾਂ ਦਿਨਾਂ ਚੀਨ ਦੇ ਦਬਦਬੇ ਤੋਂ ਪ੍ਰੇਸ਼ਾਨ ਹਨ ਅਤੇ ਉਹ ਅਮਰੀਕਾ ਅਤੇ ਜਾਪਾਨ ਤੋਂ ਮਦਦ ਦੀ ਉਮੀਦ ਕਰ ਰਹੇ ਹਨ। ਚੀਨ ਨਾ ਸਿਰਫ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਅੱਖਾਂ ਦਿਖਾ ਰਿਹਾ ਹੈ, ਸਗੋਂ ਜਾਪਾਨ ਦੇ ਕਬਜ਼ੇ ਵਾਲੇ ਟਾਪੂ 'ਤੇ ਵੀ ਨਜ਼ਰਾਂ ਬਣਾਏ ਹੋਏ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿਗਣ ਦਾ ਖ਼ਤਰਾ ਟਲਿਆ

ਹਾਲ ਹੀ 'ਚ ਚੀਨ ਨੇ ਰੂਸ ਨਾਲ ਮਿਲ ਕੇ ਜਾਪਾਨ ਦੇ ਨੇੜੇ ਤੋਂ ਕਈ ਲੜਾਕੂ ਜਹਾਜ਼ ਉਡਾਏ ਸਨ। ਇਸ ਦੇ ਨਾਲ ਹੀ ਤਾਇਵਾਨ ਨੂੰ ਲੈ ਕੇ ਤਣਾਅ ਪਹਿਲਾਂ ਹੀ ਕਾਫੀ ਵੱਧ ਗਿਆ ਹੈ। ਕੁਝ ਸਮਾਂ ਪਹਿਲਾਂ ਏਸ਼ੀਆ ਵਿੱਚ ਵਿਸਤਾਰਵਾਦ ਦੀ ਹਮਲਾਵਰ ਰਣਨੀਤੀ ਲਾਗੂ ਕਰਨ ਵਿੱਚ ਲੱਗੇ ਚੀਨ ਨੂੰ ਜਾਪਾਨ ਨੇ ਚੰਗਾ ਸਬਕ ਸਿਖਾਇਆ ਸੀ। ਜਾਪਾਨ ਦੇ ਜਲ ਖੇਤਰ ਦੇ ਨੇੜੇ ਗਸ਼ਤ ਕਰ ਰਹੀ ਇੱਕ ਚੀਨੀ ਨੇਵੀ ਪਣਡੁੱਬੀ ਨੂੰ ਜਾਪਾਨ ਨੇ ਜ਼ਬਰਦਸਤੀ ਦੂਰ ਕਰ ਦਿੱਤਾ। ਇਸ ਪਣਡੁੱਬੀ ਨੂੰ ਜਾਪਾਨ ਦੇ ਦੱਖਣੀ ਹਿੱਸੇ 'ਚ ਸਥਿਤ ਟਾਪੂਆਂ ਦੇ ਨੇੜੇ ਦੇਖਿਆ ਗਿਆ। ਇਸ ਤੋਂ ਬਾਅਦ ਪੂਰੇ ਖੇਤਰ ਵਿੱਚ ਜਾਪਾਨੀ ਜਲ ਸੈਨਾ ਦੇ ਕਈ ਜੰਗੀ ਬੇੜੇ ਅਤੇ ਸਮੁੰਦਰੀ ਗਸ਼ਤੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਜਾਪਾਨ-ਚੀਨ ਵਿਚ ਵਿਵਾਦ
ਚੀਨ ਅਤੇ ਜਾਪਾਨ ਵਿਚ ਪੂਰਬੀ ਚੀਨ ਸਾਗਰ ਵਿਚ ਸਥਿਤ ਟਾਪੂਆਂ ਨੂੰ ਲੈ ਕੇ ਆਪਸ ਵਿਚ ਵਿਵਾਦ ਹੈ। ਦੋਵੇਂ ਦੇਸ਼ ਇਨ੍ਹਾਂ ਬੇਆਬਾਦ ਟਾਪੂਆਂ 'ਤੇ ਦਾਅਵਾ ਕਰਦੇ ਹਨ। ਉਹ ਜਾਪਾਨ ਵਿੱਚ ਸੇਨਕਾਕੂ ਅਤੇ ਚੀਨ ਵਿੱਚ ਡਾਇਓਸ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਟਾਪੂਆਂ ਦਾ ਪ੍ਰਸ਼ਾਸਨ 1972 ਤੋਂ ਜਾਪਾਨ ਦੇ ਹੱਥਾਂ ਵਿਚ ਹੈ। ਇਸ ਦੇ ਨਾਲ ਹੀ ਚੀਨ ਦਾ ਦਾਅਵਾ ਹੈ ਕਿ ਇਹ ਟਾਪੂ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਅਤੇ ਜਾਪਾਨ ਨੂੰ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਸ 'ਤੇ ਕਬਜ਼ਾ ਕਰਨ ਲਈ ਫ਼ੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News