ਲੰਡਨ ਅੰਡਰਗਰਾਊਂਡ ਸਟੇਸ਼ਨਾਂ ''ਤੇ ਬਿਨਾਂ ਮਾਸਕ ਸਫਰ ਕਰਨ ਵਾਲਿਆਂ ''ਤੇ ਸਖ਼ਤੀ
Saturday, Oct 10, 2020 - 08:54 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਭਰ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਨਾਲ ਮੂੰਹ ਨੂੰ ਢਕਣਾ ਬਹੁਤ ਜ਼ਰੂਰੀ ਹੈ, ਸਫਰ ਦੌਰਾਨ ਤਾਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਸਫ਼ਰ ਦੌਰਾਨ ਮੂੰਹ ਢਕਣਾ ਜੂਨ ਤੋਂ ਲੰਡਨ ਅੰਡਰਗਰਾਊਂਡ ਵਿਚ ਲਾਜ਼ਮੀ ਕਰਨ ਦੇ ਬਾਵਜੂਦ ਕੁਝ ਲੋਕ ਇਸ ਨੂੰ ਨਹੀਂ ਪਾਉਂਦੇ। ਇਸ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲਾਗ ਦਾ ਖਤਰਾ ਪੈਦਾ ਹੁੰਦਾ ਹੈ। ਪਰ ਟੀ. ਐੱਫ. ਐੱਲ. ਇਸ ਮਾਮਲੇ ਵਿਚ ਲੋਕਾਂ ਦੀ ਲਾਪਰਵਾਹੀ ਵਿਰੁੱਧ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਦੀ ਮਦਦ ਨਾਲ ਕਾਰਵਾਈ ਕਰ ਰਿਹਾ ਹੈ। ਟੀ. ਐੱਫ. ਐੱਲ ਅਨੁਸਾਰ ਉਨ੍ਹਾਂ ਨੂੰ 1,05,000 ਲੋਕ ਅਜਿਹੇ ਮਿਲੇ, ਜਿਨ੍ਹਾਂ ਨੇ ਚਿਹਰਾ ਨਹੀਂ ਢਕਿਆ ਸੀ।
ਇਸ ਦੌਰਾਨ ਲਗਭਗ 7,600 ਲੋਕਾਂ ਨੂੰ ਸਫ਼ਰ ਤੋਂ ਰੋਕਿਆ ਗਿਆ ਜਦਕਿ 1,800 ਲੋਕਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧ ਵਿਚ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਅਧਿਕਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।