ਅਫ਼ਗਾਨਿਸਤਾਨ ’ਚ ਅਜੇ ਤੱਕ ਨਹੀਂ ਖੁੱਲ੍ਹੀਆਂ ਯੂਨੀਵਰਸਿਟੀਆਂ, ਤਾਲਿਬਾਨ ਨੇ ਦੱਸਿਆ ਕਾਰਨ
Monday, Dec 27, 2021 - 04:48 PM (IST)
ਤਾਲਿਬਾਨ— ਤਾਲਿਬਾਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਅਜੇ ਤੱਕ ਯੂਨੀਵਰਸਿਟੀਆਂ ਨਹੀਂ ਖੁੱਲ੍ਹ ਸਕੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਯੁੱਧਗ੍ਰਸਤ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨਾ ਖੁੱਲ੍ਹਣ ਦੇ ਪਿੱਛੇ ਸਹਿ-ਸਿੱਖਿਆ ਦਾ ਮੁੱਦਾ ਵੀ ਸ਼ਾਮਲ ਹੈ। ਤਾਲਿਬਾਨ ਦੇ ਉੱਚ ਸਿੱਖਿਆ ਮੰਤਰੀ ਅਬਦੁਲ ਬਕੀ ਹੱਕੀ ਨੇ ਕਿਹਾ ਕਿ ਕੁੜੀਆਂ ਦੇ ਲਈ ਵੱਖ ਕਲਾਸਾਂ ਬਣਾਉਣ ਅਤੇ ਜ਼ਿਆਦਾ ਪ੍ਰੋਫ਼ੈਸਰਾਂ ਨੂੰ ਨਿਯੁਕਤ ਕਰਨ ਲਈ ਉਨ੍ਹਾਂ ਨੂੰ ਵੱਧ ਸਮਾਂ ਅਤੇ ਵਾਧੂ ਬਜਟ ਦੀ ਲੋੜ ਹੋਵੇਗੀ।
ਅਫ਼ਗਾਨਿਸਤਾਨ ’ਚ ਕੁੜੀਆਂ ਲਈ ਪਬਲਿਕ ਯੂਨਰੀਸਿਟੀਆਂ ਅਤੇ ਹਾਈ ਸਕੂਲ ਅਜੇ ਫਿਰ ਤੋਂ ਖੋਲ੍ਹੇ ਜਾਣੇ ਬਾਕੀ ਹਨ। ਤਾਲਿਬਾਨ ਨੇ ਇਸ ਸਾਲ 15 ਅਗਸਤ ਨੂੰ ਇਨ੍ਹਾਂ ’ਤੇ ਫਿਰ ਤੋਂ ਕਬਜ਼ਾ ਕਰ ਲਿਆ ਸੀ। ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਸਹਿ-ਸਿੱਖਿਆ ’ਤੇ ਪਾਬੰਦੀ ਲਗਾ ਦਿੱਤੀ। ਤਾਲਿਬਾਨ ਨੇ ਇਹ ਹੁਕਮ ਦਿੱਤਾ ਕਿ ਕੁੜੀਆਂ ਨੂੰ ਹੁਣ ਯੂਨੀਵਰਸਿਟੀਆਂ ’ਚ ਮੁੰਡਿਆਂ ਦੇ ਬਰਾਬਰ ਕਲਾਸਾਂ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਾਲਿਬਾਨ ਨੇ ਕਿਹਾ ਕਿ ਜੇਕਰ ਔਰਤਾਂ ਨੂੰ ਲੰਬੀ ਦੂਰੀ ’ਤੇ ਯਾਤਰਾ ਕਰਨੀ ਹੈ ਤਾਂ ਉਨ੍ਹਾਂ ਨੂੰ ਕਿਸੇ ਕਰੀਬੀ ਪੁਰਸ਼ ਰਿਸ਼ਤੇਦਾਰ ਦੇ ਨਾਲ ਜਾਣਾ ਹੋਵੇਗਾ।
ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ੌਫ: ਈਰਾਨ ਨੇ 12 ਦੇਸ਼ਾਂ ਦੇ ਯਾਤਰੀਆਂ ’ਤੇ ਦੇਸ਼ ’ਚ ਦਾਖ਼ਲ ਹੋਣ ’ਤੇ ਲਗਾਈ ਪਾਬੰਦੀ
ਇਥੇ ਦੱਸਣਯੋਗ ਹੈ ਕਿ ‘ਮਿਨਿਸਟਰੀ ਆਫ਼ ਦਿ ਪ੍ਰਮੋਸ਼ਨ ਆਫ਼ ਵਰਚੁ ਐਂਡ ਪ੍ਰੀਵੈਂਸ਼ਨ ਆਫ਼ ਵਾਇਸ’ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਾਰੇ ਵਾਹਨ ਮਾਲਕ ਸਿਰਫ਼ ਉਨ੍ਹਾਂ ਔਰਤਾਂ ਨੂੰ ਆਪਣੇ ਵਾਹਨਾਂ ’ਚ ਯਾਤਰਾ ਕਰਨ ਦੇਣ, ਜਿਨ੍ਹਾਂ ਨੇ ਇਸਲਾਮਿਕ ਹਿਜਾਬ ਪਹਿਨਿਆ ਹੋਵੇ। ਮਨੁੱਖੀ ਅਧਿਕਾਰ ਵਰਕਰਾਂ ਵੱਲੋਂ ਤਾਲਿਬਾਨ ਦੇ ਇਸ ਕਦਮ ਦੀ ਆਲੋਚਨਾ ਕੀਤੀ ਗਈ ਹੈ। ਮੰਤਰਾਲਾ ਦੇ ਬੁਲਾਰੇ ਸਾਦਿਕ ਅਕਿਫ ਮੁਹਾਜਿਰ ਨੇ ਇਕ ਅਖ਼ਬਾਰ ਏਜੰਸੀ ਨੂੰ ਦੱਸਿਆ ਕਿ 72 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਸਵਾਰੀ ਦੀ ਪੇਸ਼ਕਸ਼ ਨਹੀਂ ਕੀਤੀ ਜਾਣੀ ਚਾਹੀਦੀ, ਜੇਕਰ ਉਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਕਰੀਬੀ ਮੈਂਬਰ ਨਹੀਂ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਰੀਬੀ ਮੈਂਬਰ ਪੁਰਸ਼ ਹੀ ਹੋਣਾ ਚਾਹੀਦਾ ਹੈ।
ਤਾਲਿਬਾਨ ਸਰਕਾਰ ’ਚ ਨਹੀਂ ਹੈ ਇਕ ਵੀ ਔਰਤ
ਤਾਲਿਬਾਨ ਵੱਲੋਂ ਦਿਸ਼ਾ-ਨਿਰਦੇਸ਼ਾਂ ਨੂੰ ਅਜਿਹੇ ਸਮੇਂ ਪੇਸ਼ ਕੀਤਾ ਗਿਆ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਇਸ ਨੇ ਅਫ਼ਗਾਨਿਸਤਾਨ ਦੇ ਟੈਲੀਵਿਜ਼ਨ ਚੈਨਲਾਂ ਨੂੰ ਔਰਤਾਂ ਵਾਲੇ ਸੀਰੀਅਲ ਅਤੇ ਫਿਲਮਾਂ ਵਿਖਾਉਣ ’ਤੇ ਰੋਕ ਲਗਾ ਦਿੱਤੀ ਸੀ। ਮੰਤਰਾਲਾ ਨੇ ਇਹ ਵੀ ਕਿਹਾ ਸੀ ਕਿ ਔਰਤ ਟੀ. ਵੀ. ਪੱਤਰਕਾਰ ਨੂੰ ਨਿਊਜ਼ ਪੜ੍ਹਦੇ ਸਮੇਂ ਹਿਜਾਬ ਪਹਿਨਿਆ ਹੋਵੇਗਾ। ਤਾਲਿਬਾਨ ਨੇ ਸੱਤਾ ’ਚ ਵਾਪਸੀ ਦੇ ਬਾਅਦ ਤੋਂ ਹੀ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨਾ ਸ਼ੁਰੂ ਕੀਤਾ ਹੈ। ਤਾਲਿਬਾਨ ਨੇ ਜਦੋਂ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ ਤਾਂ ਇਸ ’ਚ ਇਕ ਵੀ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਤਾਲਿਬਾਨ ਸਰਕਾਰ ਦੀ ਦੁਨੀਆ ਭਰ ’ਚ ਆਲੋਚਨਾ ਕੀਤੀ ਗਈ ਸੀ।
ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ