ਚੀਨ ਦੇ ਖ਼ਿਲਾਫ ਭਾਰਤ ਦੀ ਹਰ ਸੰਭਵ ਮਦਦ ਕਰੇਗਾ ਅਮਰੀਕਾ, ਗੁਪਤ ਦਸਤਾਵੇਜ਼ਾਂ ਜ਼ਰੀਏ ਹੋਇਆ ਖੁਲਾਸਾ
Thursday, Jan 14, 2021 - 06:00 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਚੀਨ ਦੇ ਖ਼ਿਲਾਫ਼ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਮਦਦ ਕਰੇਗਾ। ਭਾਰਤ ਅਤੇ ਚੀਨ ਵਿਚਾਲੇ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਜਾਰੀ ਸੰਘਰਸ਼ ਦਰਮਿਆਨ ਅਮਰੀਕਾ ਨੇ ਇਹ ਫ਼ੈਸਲਾ ਲਿਆ ਸੀ। ਹਾਲ ਹੀ ਵਿਚ ਅਮਰੀਕੀ ਪ੍ਰਸ਼ਾਸਨ ਦੇ ਜਿਹੜੇ ਕੁਝ ਗੁਪਤ ਦਸਤਾਵੇਜ਼ ਸਾਹਮਣੇ ਆਏ ਹਨ, ਉਹਨਾਂ ਵਿਚ ਇਸ ਸਬੰਧੀ ਖੁਲਾਸਾ ਹੋਇਆ ਹੈ। ਇਸ ਖੁਲਾਸੇ ਦੇ ਬਾਅਦ ਚੀਨ ਕਾਫੀ ਗੁੱਸੇ ਵਿਚ ਹੈ।
ਗੁਪਤ ਦਸਤਾਵੇਜ਼ਾ ਦੇ ਮੁਤਾਬਕ, ਅਮਰੀਕਾ ਕਾਫੀ ਪਹਿਲਾਂ ਇਹ ਫ਼ੈਸਲਾ ਕਰ ਚੁੱਕਾ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਮੁਕਾਬਲੇ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਉਹ ਹਰ ਸੰਭਵ ਮਦਦ ਕਰੇਗਾ। ਅਮਰੀਕਾ ਨੇ ਡਿਪਲੋਮੈਟਿਕ, ਮਿਲਟਰੀ ਅਤੇ ਖੁਫੀਆ ਚੈਨਲਾਂ ਦੇ ਮਾਧਿਅਮ ਨਾਲ ਭਾਰਤ ਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਚੀਨ ਦੇ ਨਾਲ ਸਰਹੱਦੀ ਵਿਵਾਦ ਦਾ ਭਾਰਤ ਹੱਲ ਕਰ ਸਕੇ।
ਭਾਰਤ ਨੂੰ ਮਜ਼ਬੂਤ ਬਣਾਉਣ ਦਾ ਚਾਹਵਾਨ ਹੈ ਅਮਰੀਕਾ
ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਨੂੰ ਮਦਦ ਦੇਣ ਦੇ ਪਿੱਛੇ ਅਮਰੀਕਾ ਦਾ ਉਦੇਸ਼ ਏਸ਼ੀਆ ਵਿਚ ਚੀਨ ਦੇ ਮੁਕਾਬਲੇ ਭਾਰਤ ਨੂੰ ਮਜ਼ਬੂਤ ਬਣਾਉਣਾ ਹੈ। ਭਾਰਤ ਨੂੰ ਮਿਲਟਰੀ ਮਦਦ ਮੁਹੱਈਆ ਕਰਾਉਣ ਦੇ ਨਾਲ ਹੀ ਇਕ 'ਨੈਟ ਸਿਕਓਰਿਟੀ ਪ੍ਰੋਵਾਈਡਰ' ਦੇ ਤੌਰ 'ਤੇ ਅੱਗੇ ਵਧਾਇਆ ਜਾਵੇਗਾ। ਚੀਨ ਦੇ ਨਾਲ ਜਾਰੀ ਸਰਹੱਦੀ ਵਿਵਾਦ ਦੌਰਾਨ ਜਾਂ ਭਾਰਤ ਆਉਣ ਵਾਲੀਆਂ ਨਦੀਆਂ ਨੂੰ ਮੋੜਨ ਦੀ ਚੀਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਵਿਚ ਭਾਰਤ ਨੂੰ ਕੂਟਨੀਤਕ, ਮਿਲਟਰੀ ਅਤੇ ਖੁਫੀਆ ਸਹਿਯੋਗ ਦਿੱਤਾ ਜਾਵੇਗਾ। ਭਾਰਤ ਦੀ ਐਕਟ ਈਸਟ ਨੀਤੀ ਨੂੰ ਵੀ ਮਦਦ ਦਿੱਤੀ ਜਾਵੇਗੀ ਤਾਂ ਜੋ ਉਹ ਇਕ ਗਲੋਬਲ ਸ਼ਕਤੀ ਦੇ ਤੌਰ 'ਤੇ ਸਥਾਪਿਤ ਹੋਵੇ। ਇਸ ਬਾਰੇ ਵਿਚ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦਰਮਿਆਨ ਅਜਿਹੇ ਸਹਿਯੋਗ ਨੂੰ ਵਿਕਸਿਤ ਕਰਨ ਦੀ ਗੱਲ ਕਹੀ ਗਈ ਹੈ, ਜਿਸ ਨਾਲ ਹਿੰਦ ਅਤੇ ਪ੍ਰਸ਼ਾਂਤ ਖੇਤਰ ਨੂੰ ਸਾਰਿਆਂ ਦੇ ਲਈ ਬਰਾਬਰ ਮੌਕੇ ਵਾਲਾ ਬਣਾਉਣ ਵਿਚ ਮਦਦ ਮਿਲੇ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਸ਼ਰਤਾਂ ਸਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ
ਭਾਰਤ ਨੂੰ ਐੱਨ.ਐੱਸ.ਜੀ. ਦਾ ਮੈਂਬਰ ਬਣਾਉਣ ਦਾ ਜ਼ਿਕਰ
ਦਸਤਾਵੇਜ਼ਾਂ ਵਿਚ ਭਾਰਤ ਨੂੰ ਮਿਲਟਰੀ ਮਦਦ ਵਧਾਉਣ, ਅਤੀ ਆਧੁਨਿਕ ਮਿਲਟਰੀ ਤਕਨੀਕੀ ਮਦਦ ਉਪਲਬਧ ਕਰਾਉਣ ਦੀ ਗੱਲ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਦੋਹਾਂ ਦੇਸ਼ਾਂ ਵਿਚਾਲੇ ਕਾਫੀ ਹੱਦ ਤੱਕ ਕਦਮ ਚੁੱਕੇ ਗਏ ਹਨ। ਭਾਰਤ ਨੂੰ ਪਰਮਾਣੂ ਸਪਲਾਈ ਕਰਤਾ ਦੇਸ਼ਾਂ (ਐੱਨ.ਐੱਸ.ਜੀ.) ਦੇ ਸਮੂਹ ਵਿਚ ਮੈਂਬਰ ਬਣਾਉਣ ਦੀ ਵੀ ਗੱਲ ਕਹੀ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਮਜ਼ਬੂਤ ਸਮਰਥਨ ਦੇ ਬਾਵਜੂਦ ਚੀਨ ਵੱਲੋਂ ਕੀਤੇ ਵਿਰੋਧ ਦੇ ਕਾਰਨ ਭਾਰਤ ਹੁਣ ਤੱਕ ਐੱਨ.ਐੱਸ.ਜੀ. ਦਾ ਮੈਂਬਰ ਨਹੀਂ ਬਣ ਪਾਇਆ ਹੈ।
ਦਸਤਾਵੇਜ਼ਾਂ ਵਿਚ ਬ੍ਰਹਮਪੁੱਤਰ ਨਦੀ ਦਾ ਵੀ ਜ਼ਿਕਰ ਹੈ। ਇਸ ਨਦੀ ਦਾ ਇਕ ਵੱਡਾ ਹਿੱਸਾ ਚੀਨ ਤੋਂ ਨਿਕਲਦਾ ਹੈ, ਜੋ ਭਾਰਤ ਤੋਂ ਹੁੰਦੇ ਹੋਏ ਬੰਗਾਲ ਦੀ ਖਾੜੀ ਵਿਚ ਜਾ ਮਿਲਦਾ ਹੈ। ਹਾਲ ਹੀ ਦੇ ਦਿਨਾਂ ਵਿਚ ਇਹ ਖ਼ਬਰ ਆ ਰਹੀ ਹੈ ਕਿ ਚੀਨ ਇਸ ਦੀ ਮੁੱਖ ਧਾਰਾ ਦੇ ਨਾਲ ਕੁਝ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਭਾਰਤ ਦੇ ਇਕ ਵੱਡੇ ਹਿੱਸੇ 'ਤੇ ਅਸਰ ਪੈਣ ਦੀ ਗੱਲ ਕਹੀ ਗਈ ਹੈ।ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ 5 ਜਨਵਰੀ ਨੂੰ 10 ਸਫਿਆਂ ਦੇ ਦਸਤਾਵੇਜ਼ ਨੂੰ ਜਨਤਕ ਕੀਤਾ ਸੀ ਅਤੇ ਹੁਣ ਇਸ ਨੂੰ ਵ੍ਹਾਈਟ ਹਾਊਸ ਦੀ ਵੈਬਸਾਈਟ 'ਤੇ ਪੋਸਟ ਕੀਤਾ ਗਿਆ ਹੈ। ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ 'ਯੂ-ਐੱਸ ਸਟ੍ਰੈਟੇਜਿਕ ਫ੍ਰੇਮਵਰਕ' ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਭਾਰਤ ਸੁਰੱਖਿਆ ਮਾਮਲਿਆਂ 'ਤੇ ਅਮਰੀਕਾ ਦਾ ਪਸੰਦੀਦਾ ਹਿੱਸੇਦਾਰ ਹੈ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਨਿਕੋਲਾ ਸਟਰਜਨ ਨੇ ਟੇਕਵੇਅ ਸੇਵਾਵਾਂ ਬਾਰੇ ਤਾਲਾਬੰਦੀ ਨਿਯਮਾਂ 'ਚ ਕੀਤੀ ਹੋਰ ਸਖ਼ਤੀ
ਚੀਨ ਨੇ ਕਹੀ ਇਹ ਗੱਲ
ਗੁਪਤ ਦਸਤਾਵੇਜ਼ਾਂ ਸਬੰਧੀ ਪੁੱਛੇ ਗਏ ਸਵਾਲ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ ਕਿ ਕੁਝ ਅਮਰੀਕੀ ਨੇਤਾ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਵਿਰਾਸਤ ਛੱਡ ਕੇ ਜਾਣਾ ਚਾਹੁੰਦੇ ਹਨ ਪਰ ਇਸ ਦੇ ਵਿਸ਼ਾ ਵਸਤੂ ਨਾਲ ਚੀਨ ਨੂੰ ਦਬਾਉਣ, ਇਸ ਨੂੰ ਰੋਕਣ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਅਮਰੀਕਾ ਦੇ ਗਲਤ ਇਰਾਦਿਆਂ ਦਾ ਪਤਾ ਚੱਲਦਾ ਹੈ ਜਾਂ ਫਿਰ ਕਿਹਾ ਜਾਵੇ ਕਿ ਅਮਰੀਕਾ ਆਪਣਾ ਦਬਦਬਾ ਕਾਇਮ ਰੱਖਣ ਦੀ ਰਣਨੀਤੀ 'ਤੇ ਚੱਲ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।