ਅਮਰੀਕਾ ਨੇ ਇਕ ਸਾਲ ''ਚ ਹਿਰਾਸਤ ''ਚ ਲਏ 8,447 ਭਾਰਤੀ

02/07/2020 12:53:14 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਿਭਾਗ ਨੇ 1 ਅਕਤੂਬਰ, 2018 ਤੋਂ 30 ਸਤੰਬਰ, 2019 ਤੱਕ ਭਾਰਤੀ ਮੂਲ ਦੇ 8,447 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਹਨਾਂ ਵਿਚ 422 ਔਰਤਾਂ ਸਨ। ਇਹਨਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਅਤੇ ਵਿਭਿੰਨ ਅਮਰੀਕੀ ਜੇਲਾਂ ਵਿਚ ਨਜ਼ਰਬੰਦ ਰੱਖਿਆ ਗਿਆ। ਨੌਰਥ ਅਮੇਰਿਕਨ ਪੰਜਾਬੀ ਐਸੋਸੀਸ਼ੇਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਜਾਣਕਾਰੀ ਦੀ ਆਜ਼ਾਦੀ ਦੇ ਅਧਿਕਾਰ ਕਾਨੂੰਨ ਦੇ ਤਹਿਤ ਸੂਚਨਾ ਵਿਭਾਗ ਵੱਲੋਂ ਅੰਕੜੇ ਪ੍ਰਾਪਤ ਕਰਨ ਦੇ ਬਾਅਦ ਅੱਜ ਜਾਣਕਾਰੀ ਸਾਂਝੀ ਕੀਤੀ।

ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਗ੍ਰਿਫਤਾਰ ਅਤੇ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ, ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਕ ਸਾਲ ਦੌਰਾਨ 76 ਔਰਤਾਂ ਸਮੇਤ 1,612 ਭਾਰਤੀਆਂ ਨੂੰ ਡਿਪੋਰਟ ਕੀਤਾ ਮਤਲਬ ਵਾਪਸ ਭੇਜਿਆ। ਇਹ ਬੀਤੇ 6 ਸਾਲਾਂ ਦੌਰਾਨ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਸੀ। 

ਚਾਹਲ ਨੇ ਦੱਸਿਆ,''2014 ਵਿਚ 2,036 ਭਾਰਤੀ ਗ੍ਰਿਫਤਾਰ ਕੀਤੇ ਗਏ ਅਤੇ ਇਹਨਾਂ ਵਿਚੋਂ 359 ਡਿਪੋਰਟ ਕੀਤੇ ਗਏ। ਇਸੇ ਤਰ੍ਹਾਂ 2015 ਵਿਚ 2,971 ਭਾਰਤੀ ਗ੍ਰਿਫਤਾਰ ਕੀਤੇ ਗਏ ਅਤੇ 311 ਡਿਪੋਰਟ ਕੀਤੇ ਗਏ।'' ਉਹਨਾਂ ਨੇ ਕਿਹਾ ਭਾਵੇਂਕਿ ਪੰਜਾਬ ਦੇ ਡਿਪੋਰਟ ਕੀਤੇ ਵਿਅਕਤੀਆਂ ਦਾ ਕੋਈ ਰਿਕਾਰਡ ਨਹੀਂ ਸੀ। ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਇਸੇ ਖੇਤਰ ਤੋਂ ਸਨ। ਉਹਨਾਂ ਨੇ ਕਿਹਾ ਕਿ ਭਾਰਤੀ ਮੂਲ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। 

ਚਾਹਲ ਨੇ ਅੱਗੇ ਕਿਹਾ,''ਗੈਰ ਕਾਨੂੰਨੀ ਪ੍ਰਵਾਸੀ ਮੈਕਸੀਕੋ, ਅਰੀਜ਼ੋਨਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਟੈਕਸਾਸ ਸੂਬਿਆਂ ਜ਼ਰੀਏ ਆਉਂਦੇ ਹਨ। ਬਿਨਾਂ ਦਸਤਾਵੇਜ਼ਾਂ ਦੇ ਭਾਰਤੀ ਮੂਲ ਦੇ ਇਹ ਵਿਅਕਤੀ ਮਹਿੰਗੀਆਂ, ਮੁਸ਼ਕਲ ਅਤੇ ਅਕਸਰ ਖਤਰਨਾਕ ਯਾਤਰਾਵਾਂ ਦੇ ਬਾਅਦ ਅਮਰੀਕਾ ਪਹੁੰਚਣ ਦੀ ਆਸ ਕਰ ਰਹੇ ਸਨ, ਜਿਸ ਵਿਚ ਕਈ ਮਹੀਨੇ ਜਾਂ ਕਈ ਸਾਲ ਲੱਗ ਸਕਦੇ ਹਨ।''


Vandana

Content Editor

Related News