ਯੂਨਾਈਟਿਡ ਸਪੋਰਟਸ ਕਲੱਬ ਦੇ 14ਵੇਂ ਕਬੱਡੀ ਵਿਸ਼ਵ ਕੱਪ ਨੇ ਸਿਰਜਿਆ ਨਵਾਂ ਇਤਿਹਾਸ

09/19/2018 1:14:48 PM

ਕੈਲੀਫੋਰਨੀਆ (ਰਾਜ ਗੋਗਨਾ)— ਯੂਨਾਈਟਿਡ ਸਪੋਰਟਸ ਕਲੱਬ ਦੇ 14ਵੇਂ ਕਬੱਡੀ ਵਿਸ਼ਵ ਕੱਪ ਦੀ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਸਫਲਤਾ ਦਾ ਸਿਹਰਾ 10,000 ਦੇ ਕਰੀਬ ਪੁੱਜੀਆਂ ਸੰਗਤਾਂ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਿਹਾ ਤਾਂ ਉਹ ਆਉਂਦੇ ਵਰ੍ਹਿਆਂ ਦੌਰਾਨ ਵੀ ਪੰਜਾਬੀ ਭਾਈਚਾਰੇ ਵਿਚ ਸਾਂਝ ਪੈਦਾ ਕਰਨ ਅਤੇ ਮਾਂ ਖੇਡ ਕਬੱਡੀ ਨੂੰ ਪ੍ਰਫੂੱਲਿਤ ਕਰਨ ਲਈ ਹੋਰ ਵੀ ਉਤਸ਼ਾਹ ਨਾਲ ਕੰਮ ਕਰਦੇ ਰਹਿਣਗੇ। ਸ਼ਾਇਦ ਇਹ ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ ਹੈ, ਜਿੱਥੇ ਦਰਸ਼ਕ ਰੂਪੀ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਜਾਂਦਾ ਹੈ। ਉਨ੍ਹਾਂ ਗੁਰੂ ਘਰ ਫਰੀਮਾਂਟ, ਸੈਨਹੋਜ਼ੇ, ਮਿਲਪੀਟਸ ਅਤੇ ਸਟਾਕਟਨ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਤੋਂ ਇਹ ਗੁਰੂ ਘਰ ਖੇਡ ਮੇਲੇ ਲਈ ਲੰਗਰ ਦੀ ਸੇਵਾ ਲਗਾਤਾਰ ਕਰਦੇ ਆ ਰਹੇ ਹਨ। ਦਰਸ਼ਕਾਂ ਨੂੰ ਹਮੇਸ਼ਾ ਵਾਂਗ ਮੁਫਤ ਦਾਖਲਾ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਦਿੱਤੀ ਗਈ। 

PunjabKesari


ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਨਾ ਸਿਰਫ ਦਰਸ਼ਕਾਂ ਦੀ ਵੱਡੀ ਗਿਣਤੀ ਇਕ ਰਿਕਾਰਡ ਪੈਦਾ ਕਰਨ ਵਾਲੀ ਸੀ ਸਗੋਂ ਪਹਿਲੀ ਵਾਰ ਹੈ ਕਿ ਦੁਨੀਆ ਭਰ ਦੇ ਮਸ਼ਹੂਰ ਕਬੱਡੀ ਖਿਡਾਰੀਆਂ ਨੇ ਤਕਰੀਬਨ 7 ਘੰਟੇ ਜੋਸ਼ ਨਾਲ ਪ੍ਰਦਰਸ਼ਨ ਕਰਕੇ ਕਬੱਡੀ ਖੇਡ ਨੂੰ ਇਕ ਨਵਾਂ ਰੁਤਬਾ ਅਤੇ ਵਡਿਆਈ ਲੈ ਕੇ ਦਿੱਤੀ ਹੈ। ਲਾਈਵ ਕਬੱਡੀ ਡਾਟ ਕਾਮ ਦੇ ਮੈਨੀ ਦੀ ਟੀਮ ਵਲੋਂ ਦੁਨੀਆ ਭਰ ਦੀਆਂ ਸੋਸ਼ਲ ਸਾਈਟਾਂ 'ਤੇ ਲਗਾਤਾਰ ਦਿਖਾਇਆ ਜਾ ਰਿਹਾ ਸੀ। ਸ. ਗਾਖਲ ਨੇ ਮਾਣ ਨਾਲ ਕਿਹਾ ਕਿ ਉਹ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਸਗੋਂ ਉਨ੍ਹਾਂ ਦੇ ਯੂਨਾਈਟਿਡ ਸਪੋਰਟਸ ਕਲੱਬ ਦੀ ਟੀਮ ਦਿਨ-ਰਾਤ ਮਿਹਨਤ ਕਰਕੇ ਕਬੱਡੀ ਦਾ ਇਕ ਨਵਾਂ ਇਤਿਹਾਸ ਸਿਰਜਣ ਵਿਚ ਸਫਲ ਹੋਈ ਹੈ।

ਇਸ 14ਵੇਂ ਵਿਸ਼ਵ ਕਬੱਡੀ ਕੱਪ ਦਾ ਰਸਮੀ ਉਦਘਾਟਨ ਸ. ਸੁਰਜੀਤ ਸਿੰਘ, ਮਾਈਕ ਬੋਪਾਰਾਏ, ਜਸਪ੍ਰੀਤ ਸਿੰਘ ਅਟਾਰਨੀ, ਮੇਜਰ ਸਿੰਘ ਬੈਂਸ ਅਤੇ ਹਰਦੁੱਮਣ ਸਿੰਘ ਬਿੱਲਾ ਸੰਘੇੜਾ ਨੇ ਸਾਂਝੇ ਰੂਪ ਵਿਚ ਕੀਤਾ। ਉਦਘਾਟਨ ਉਪਰੰਤ ਸ. ਗਾਖਲ ਨੇ ਐਲਾਨ ਕੀਤਾ ਕਿ ਸਾਲ 2019 ਦਾ 15 ਵਿਸ਼ਵ ਕਬੱਡੀ ਕੱਪ ਇਸੇ ਲੋਗਨ ਹਾਈ ਸਕੂਲ 'ਚ 15 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਇਸ ਖੇਡ ਮੇਲੇ ਵਿਚ ਯੂਨੀਅਨ ਸਿਟੀ ਦੇ ਮੇਅਰ ਡੁਟਰਾ ਵਰਨਾਕੀ, ਕੌਂਸਲ ਮੈਂਬਰ ਪੈਟ ਡਾਕੋਸਕੌਟ, ਸਕੂਲ ਬੋਰਡ ਟਰੱਸਟੀ ਕਰਮਜੀਤ ਕੌਰ ਚੀਮਾ ਅਤੇ ਸ਼ੈਰਨ ਕੌਰ ਅਤੇ ਕੌਂਸਲ ਮੈਂਬਰ ਹੈਰੀ ਸਿੰਘ ਵੀ ਖੇਡ ਮੇਲੇ ਦੀਆਂ ਰੌਣਕਾਂ ਦੇਖਣ ਪਹੁੰਚੇ। ਅੰਡਰ-21 ਦੇ ਮੁਕਾਬਲਿਆਂ ਵਿਚ ਸ਼ਹੀਦ ਬਾਬਾ ਦੀਪ ਸਿੰਘ ਅਕੈਡਮੀ ਸੈਕਰਾਮੈਂਟੋ ਦੀ ਟੀਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ 39 ਦੇ ਮੁਕਾਬਲੇ 73 ਅੰਕਾਂ ਨਾਲ ਹਰਾ ਕੇ ਜੇਤੂ ਰਹੀ, ਜਦੋਂ ਕਿ ਅੰਡਰ-25 ਵਿਚ ਖਾਲਸਾ ਸਪੋਰਟਸ ਦੀ ਟੀਮ ਨੇ ਯੂਬਾ ਬ੍ਰਦਰਜ਼ ਨੂੰ 25 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।

PunjabKesari

ਇਸ 14ਵੇਂ ਵਿਸ਼ਵ ਕਬੱਡੀ ਕੱਪ ਦਾ ਪਹਿਲਾ ਇਨਾਮ ਜੋ ਡਾਇਮੰਡ ਸਪੋਰਟਸ ਕਲੱਬ ਦੇ ਗੁਲਵਿੰਦਰ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਵਲੋਂ ਸਪਾਂਸਰ ਕੀਤਾ ਗਿਆ ਸੀ ਬੇ-ਏਰੀਆ ਲਾਇਨਜ਼ ਦੀ ਝੋਲੀ ਪਿਆ। ਜਦੋਂਕਿ ਦੂਜਾ ਇਨਾਮ ਜੋ ਕਿ ਸਹੋਤਾ ਭਰਾਵਾਂ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਪਿਤਾ ਸ. ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ ਸਪਾਂਸਰ ਕੀਤਾ ਗਿਆ ਸੀ, ਸ਼ੇਰ-ਏ-ਪੰਜਾਬ ਲਾਸ ਬੈਨਸ ਦੀ ਟੀਮ ਦੇ ਹਿੱਸੇ ਆਇਆ। ਇਸ ਖੇਡ ਮੇਲੇ ਦਾ ਇਕ ਹੋਰ ਸਿਹਰਾ ਸ. ਗਾਖਲ ਨੇ ਮਿਡਵੈਸਟ ਦੀ ਟੀਮ ਦੇ ਮੁੱਖ ਪ੍ਰਬੰਧਕ ਤਾਰੀ ਅਤੇ ਵਿੱਕੀ ਸੰਮੀਪੁਰੀਆ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਦੋ ਨੌਜਵਾਨਾਂ ਨੇ ਅਸਲ 'ਚ ਖੇਡ ਮੇਲੇ ਦੇ ਪ੍ਰਬੰਧ 'ਚ ਵੱਡਾ ਯੋਗਦਾਨ ਪਾਇਆ ਅਤੇ ਯੂਨਾਈਟਿਡ ਸਪੋਰਟਸ ਕਲੱਬ ਦੇ ਹਰ ਮੈਚ ਨੂੰ ਆਪਣਾ ਸਮਝ ਕੇ ਗਾਖਲ ਭਰਾਵਾਂ ਤੇ ਕਲੱਬ ਨਾਲ ਮੋਢੇ ਨਾਲ ਮੋਢਾ ਜੋੜੀ ਰੱਖਿਆ। 

PunjabKesari

ਖੇਡ ਮੇਲੇ ਵਿਚ ਕਬੱਡੀ ਮੈਚਾਂ ਨੂੰ ਸ਼ਬਦਾਂ ਦੀ ਰੰਗਤ ਦੇਣ ਵਿਚ ਲੱਖਾ ਸਿੱਧਵਾਂ, ਮੱਖਣ ਅਲੀ, ਸੁਰਜੀਤ ਕਕਰਾਲੀ, ਗੁਰਮੇਲ ਸਿੰਘ ਦਿਓਲ ਆਦਿ ਕੁਮੈਂਟੇਟਰਾਂ ਨੇ ਲੱਛੇਦਾਰ ਕੁਮੈਂਟਰੀ ਕੀਤੀ, ਉੱਥੇ ਸਰਦੂਲ ਸਿੰਘ ਰੰਧਾਵਾ, ਅਜੀਤ ਸਿੰਘ ਬੱਲ ਅਤੇ ਸਾਧੂ ਸਿੰਘ ਖਲੌਰ ਨੇ ਤਕਨੀਕੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਲੱਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਐੱਸ. ਅਸ਼ੋਕ ਭੌਰਾ ਤੇ ਮੰਚ ਸੰਚਾਲਿਕਾ ਬੀਬੀ ਆਸ਼ਾ ਸ਼ਰਮਾ ਨੇ ਨਿਭਾਈ। ਖੇਡ ਮੇਲੇ ਵਿਚ ਕਬੱਡੀ ਪ੍ਰੇਮੀਆਂ ਤੋਂ ਇਲਾਵਾ ਖੇਡ ਕਲੱਬਾਂ ਨਾਲ ਜੁੜੇ ਲੋਕ, ਕੋਚ ਅਤੇ ਸਪਾਂਸਰ ਵੀ ਹਾਜ਼ਰ ਸਨ। ਟੋਰਾਂਟੋ ਤੋਂ ਸੇਵਾ ਸਿੰਘ ਰੰਧਾਵਾ, ਨਿਊਯਾਰਕ ਤੋਂ ਜਗੀਰ ਸਿੰਘ ਸਬਜ਼ੀ ਮੰਡੀ, ਦੀਪੂ ਗਾਖਲ ਹਮੇਸ਼ਾ ਵਾਂਗ ਪੁੱਜੇ ਅਤੇ ਖੇਡ ਰਿਪੋਰਟਰ ਸੰਤੋਖ ਸਿੰਘ ਮੰਡੇਰ ਨੇ ਆਪਣੇ ਕੈਮਰੇ ਵਿਚ ਖੇਡ ਮੇਲੇ ਦਾ ਹਰ ਪਹਿਲੂ ਕੈਦ ਕਰ ਲਿਆ।
 


Related News