UN ਨੇ ਟੀ.ਟੀ.ਪੀ. ਦੇ ਮੁਖੀ ਨੂਰ ਵਲੀ ਮਹਿਸੂਦ ਨੂੰ ਗਲੋਬਲ ਅੱਤਵਾਦੀ ਕੀਤਾ ਘੋਸ਼ਿਤ

7/17/2020 10:55:08 AM

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਪ੍ਰਮੁੱਖ ਨੂਰ ਵਲੀ ਮਹਿਸੂਦ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ 1267 ਆਈ.ਐੱਸ.ਆਈ.ਐੱਲ. ਅਤੇ ਅਲਕਾਇਦਾ ਪ੍ਰਤੀਬੰਧ ਕਮੇਟੀ ਨੇ 42 ਸਾਲਾ ਮਹਿਸੂਦ ਨੂੰ ਵੀਰਵਾਰ ਨੂੰ ਪਾਬੰਦੀ ਸੂਚੀ ਵਿਚ ਪਾਇਆ। ਹੁਣ ਇਸ ਪਾਕਿਸਤਾਨੀ ਨਾਗਰਿਕ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਸਕਣਗੀਆਂ, ਉਸ 'ਤੇ ਯਾਤਰਾ ਪਾਬੰਦੀ ਲਗਾਈ ਜਾ ਸਕਦੀ ਹੈ ਅਤੇ ਹਥਿਆਰ ਰੱਖਣ 'ਤੇ ਰੋਕ ਲਗਾਈ ਜਾ ਸਕੇਗੀ। 

ਪ੍ਰਤੀਬੰਧ ਕਮੇਟੀ ਨੇ ਕਿਹਾ,''ਮਹਿਸੂਦ ਨੂੰ ਅਲਕਾਇਦਾ ਨਾਲ ਸਬੰਧਤ ਸਮੂਹਾਂ ਦਾ ਸਮਰਥਨ ਕਰਨ, ਉਹਨਾਂ ਦੀਆਂ ਗਤੀਵਿਧੀਆਂ ਦਾ ਵਿੱਤਪੋਸ਼ਣ ਕਰਨ, ਯੋਜਨਾ ਬਣਾਉਣ ਅਤੇ ਉਹਨਾਂ ਨੂੰ ਅੰਜਾਮ ਦੇਣ ਦੇ ਕਾਰਨ ਇਸ ਸੂਚੀ ਵਿਚ ਪਾਇਆ ਗਿਆ ਹੈ।'' ਮਹਿਸੂਦ ਜੂਨ 2018 ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪ੍ਰਮੁੱਖ ਮੌਲਾਨਾ ਫਜਲੁੱਲਾਹ ਦੀ ਮੌਤ ਦੇ ਬਾਅਤ ਇਸ ਅੱਤਵਾਦੀ ਸੰਗਠਨ ਦਾ ਪ੍ਰਮੁੱਖ ਬਣਿਆ ਸੀ। ਇਸ ਸੰਗਠਨ ਨੂੰ ਅਲਕਾਇਦਾ ਨਾਲ ਸੰਬੰਧ ਰੱਖਣ ਦੇ ਲਈ ਸੰਯੁਕਤ ਰਾਸ਼ਟਰ ਨੇ 29 ਜੁਲਾਈ, 2011 ਨੂੰ ਬਲੈਕਲਿਸਟ ਵਿਚ ਪਾਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਹੀਰੋ : 6 ਸਾਲਾ ਬੱਚੇ ਨੇ ਭੈਣ ਨੂੰ ਕੁੱਤੇ ਤੋਂ ਬਚਾਇਆ, ਚਿਹਰੇ 'ਤੇ ਲੱਗੇ 90 ਟਾਂਕੇ 

ਪ੍ਰਤੀਬੰਧ ਕਮੇਟੀ ਨੇ ਕਿਹਾ,''ਨੂਰ ਵਲੀ ਦੀ ਅਗਵਾਈ ਵਿਚ ਟੀ.ਟੀ.ਪੀ. ਨੇ ਜੁਲਾਈ 2019 ਵਿਚ ਉੱਤਰ ਵਜੀਰਿਸਤਾਨ ਵਿਚ ਪਾਕਿਸਤਾਨ ਸੁਰੱਖਿਆ ਬਲਾਂ 'ਤੇ ਹਮਲੇ ਸਮੇਤ ਪੂਰੇ ਪਾਕਿਸਤਾਨ ਵਿਚ ਕਈ ਭਿਆਨਕ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ। ਅਗਸਤ 2019 ਵਿਚ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਫੌਜੀਆਂ 'ਤੇ ਹੋਏ ਬੰਬ ਹਮਲੇ ਵਿਚ ਵੀ ਉਸੇ ਦਾ ਹੱਥ ਸੀ।'' ਕਮੇਟੀ ਨੇ ਕਿਹਾ ਕਿ ਸਮੂਹ ਨੇ ਇਕ ਮਈ, 2010 ਨੂੰ ਟਾਈਮਸ ਸਕਵਾਇਰ 'ਤੇ ਹੋਏ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਅਪ੍ਰੈਲ 2010 ਵਿਚ ਪੇਸ਼ਾਵਰ ਵਿਚ ਅਮਰੀਕੀ ਵਣਜ ਦੂਤਾਵਾਸ 'ਤੇ ਹਮਲਾ ਕੀਤਾ ਸੀ, ਜਿਸ ਵਿਚ ਘੱਟੋ-ਘੱਟ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ ਅਤੇ 20 ਹੋਰ ਜ਼ਖਮੀ ਹੋਏ ਸਨ। ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਨੇ ਇਕ ਟਵੀਟ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਮਹਿਸੂਦ ਨੂੰ ਆਈ.ਐੱਸ.ਆਈ.ਐੱਸ. ਅਤੇ ਅਲਕਾਇਦਾ ਪ੍ਰਤੀਬੰਧ ਸੂਚੀ ਵਿਚ ਸ਼ਾਮਲ ਕਰਨ ਦਾ ਉਹ ਸਵਾਗਤ ਕਰਦਾ ਹੈ। ਸੁਰੱਖਿਆ ਪਰੀਸ਼ਦ ਵੱਲੋਂ ਜਦੋਂ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਬਲੈਕਲਿਸਟ ਵਿਚ ਪਾਇਆ ਜਾਂਦਾ ਹੈ ਤਾਂ ਦੇਸ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਉਸ ਦੇ ਆਰਥਿਕ ਸਰੋਤਾਂ ਅਤੇ ਹੋਰ ਵਿੱਤੀ ਜਾਇਦਾਦਾਂ 'ਤੇ ਰੋਕ ਲਗਾਉਣੀ ਹੁੰਦੀ ਹੈ।


Vandana

Content Editor Vandana