ਦੁਬਈ ''ਚ ਭਾਰਤੀ ਵਿਅਕਤੀ ''ਤੇ ਪਤਨੀ ਦੀ ਹੱਤਿਆ ਦਾ ਦੋਸ਼, ਟ੍ਰਾਇਲ ਸ਼ੁਰੂ
Friday, Feb 14, 2020 - 04:18 PM (IST)

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਪਿਛਲੇ ਸਾਲ ਇਕ ਭਾਰਤੀ ਸ਼ਖਸ ਨੇ ਆਪਣੀ ਪਤਨੀ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਖਲੀਜ਼ ਟਾਈਮਜ਼ ਨੇ ਦੱਸਿਆ ਕਿ ਦੋਸ਼ੀ ਪਤੀ ਨੇ 3 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਇਹ ਮਾਮਲਾ ਬੀਤੇ ਸਾਲ ਸਤੰਬਰ ਮਹੀਨੇ ਦਾ ਹੈ। ਸ਼ੁੱਕਰਵਾਰ ਨੂੰ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਇਸ ਮਾਮਲੇ ਦਾ 2 ਮਾਰਚ ਤੱਕ ਟ੍ਰਾਇਲ ਚੱਲੇਗਾ।
ਅਦਾਲਤ ਵਿਚ ਪਹਿਲੀ ਸੁਣਵਾਈ ਦੇ ਦੌਰਾਨ 44 ਸਾਲਾ ਦੋਸ਼ੀ ਪਤੀ ਨੇ ਕਿਹਾ ਕਿ ਉਸ ਨੇ ਸ਼ੱਕ ਦੇ ਆਧਾਰ 'ਤੇ ਆਪਣੀ ਪਤਨੀ ਨੂੰ ਮਾਰ ਦਿੱਤਾ। ਦੋਸ਼ੀ ਮੁਤਾਬਕ ਪਤਨੀ ਉਸ ਨੂੰ ਧੋਖਾ ਦੇ ਰਹੀ ਸੀ। ਸਰਕਾਰੀ ਵਕੀਲ ਦੇ ਰਿਕਾਰਡ ਦੇ ਮੁਤਾਬਕ ਸ਼ਖਸ 'ਤੇ ਪਹਿਲਾਂ ਤੋਂ ਨਿਰਧਾਰਤ ਹੱਤਿਆ ਦਾ ਦੋਸ਼ ਹੈ। ਇਸ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ 9 ਸਤੰਬਰ ਨੂੰ ਦੋਸ਼ੀ ਅਲ ਕਵੋਜ਼ ਉਦਯੋਗਿਕ ਖੇਤਰ ਵਿਚ ਆਪਣੀ ਪਤਨੀ ਦੇ ਕਾਰਜਸਥਲ 'ਤੇ ਗਿਆ ਸੀ। ਰਿਪੋਰਟ ਦੇ ਮੁਤਾਬਕ ਉਸ ਵੱਲੋਂ ਭੇਜੇ ਗਏ ਇਕ ਸੰਦੇਸ਼ 'ਤੇ ਪਤਨੀ ਦੇ ਬੌਸ ਦੇ ਸਾਹਮਣੇ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ।
ਦਫਤਰ ਵਿਚੋਂ ਬਾਹਰ ਆਉਣ ਦੇ ਬਾਅਦ ਦੋਸ਼ੀ ਦੀ ਪਤਨੀ ਨੇ ਕਿਹਾ ਸੀ ਕਿ ਆਪਣੇ ਪਤੀ ਕਾਰਨ ਉਸ ਨੂੰ ਬੌਸ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਇਸ ਦੇ ਬਾਅਦ ਦੋਸ਼ੀ ਨੇ ਚਾਕੂ ਕੱਢਿਆ ਅਤੇ ਪਤਨੀ 'ਤੇ ਤਿੰਨ ਹਮਲੇ ਕੀਤੇ। ਤੇਜ਼ ਹਮਲੇ ਕਾਰਨ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਸ ਸਮੇਂ ਇਕ ਡਰਾਈਵਰ ਨੇ ਪੀੜਤਾ ਦੀ ਲਾਸ਼ ਦੇਖੀ ਅਤੇ ਪੁਲਸ ਨੂੰ ਫੋਨ ਕੀਤਾ। ਪੁਲਸ ਨੇ ਕਿਹਾ ਕਿ ਮਹਿਲਾ ਪਾਰਕਿੰਗ ਵਿਚ ਕਾਰਾਂ ਦੇ ਵਿਚ ਮ੍ਰਿਤਕ ਪਈ ਸੀ। ਉਸ ਦੇ ਪੇਟ ਅਤੇ ਖੱਬੇ ਪੱਟ 'ਤੇ ਡੂੰਘੇ ਜ਼ਖਮ ਸਨ। ਉਸ ਦੀ ਲਾਸ਼ ਨੇੜੇ ਅਪਰਾਧ ਵਿਚ ਵਰਤਿਆ ਹਥਿਆਰ ਵੀ ਬਰਾਮਦ ਕੀਤਾ ਗਿਆ। ਸਰਕਾਰੀ ਵਕੀਲ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਹੱਤਿਆ ਕਰਨ ਦੇ ਬਾਅਦ ਦੋਸ਼ੀ ਭੱਜਣ ਲਈ ਮੈਟਰੋ ਗਿਆ ਪਰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਉਕਤ ਮਹਿਲਾ ਦੀਆਂ ਦੋ ਬੇਟੀਆਂ ਭਾਰਤ ਵਿਚ ਹਨ।