ਹੁਣ UAE ''ਚ ਵੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ Pfizer ਦੀ ਕੋਵਿਡ ਵੈਕਸੀਨ
Thursday, May 20, 2021 - 07:06 PM (IST)
ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਹੁਣ 12 ਤੋਂ 15 ਸਾਲ ਦੇ ਬੱਚਿਆਂ 'ਤੇ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ। ਹੈਲਥ ਐਂਡ ਪ੍ਰੀਵੈਂਸ਼ਨ ਮੰਤਰਾਲੇ ਨੇ Pfizer-BioNTech ਦੀ ਕੋਵਿਡ ਵੈਕਸੀਨ ਨੂੰ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਕਲੀਨਿਕਲ ਸਟੱਡੀਜ਼ ਦੇ ਆਧਾਰ 'ਤੇ ਲਿਆ ਗਿਆ ਹੈ। ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਸਖ਼ਤ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ। ਆਸ ਹੈ ਕਿ ਹੈਲਥ ਐਂਡ ਪ੍ਰੀਵੈਂਸ਼ਨ ਮੰਤਰਾਲੇ ਦੀ ਮਨਜ਼ੂਰੀ ਦੇ ਬਾਅਦ ਕੋਰੋਨਾ ਖ਼ਿਲਾਫ਼ ਲੜਾਈ ਵਿਚ ਹੋਰ ਮਜ਼ਬੂਤੀ ਮਿਲੇਗੀ ਅਤੇ 12 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਮੰਤਰਾਲੇ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਫ੍ਰੀ ਟੀਕਾਕਰਨ ਦੇਣ ਦੀ ਗੱਲ ਕਹੀ ਗਈ ਸੀ।
ਐਤਵਾਰ ਸਵੇਰ ਤੱਕ ਕਈ ਪਰਿਵਾਰਾਂ ਦੇ ਲੋਕ ਸਿਹਤ ਅਧਿਕਾਰੀਆਂ ਨੂੰ ਫੋਨ ਕਰ ਕੇ ਉਹਨਾਂ ਨਾਲ ਮਿਲਣ ਲਈ ਸਮਾਂ ਮੰਗ ਰਹੇ ਸਨ ਜਿਸ ਨਾਲ ਕਿ ਉਹ ਬੱਚਿਆਂ ਨੂੰ ਵੈਕਸੀਨ ਲਗਵਾਉਣ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਅਦਿਲਾ ਅਬਦੁੱਲਾ ਦੱਸਦੇ ਹਨ ਕਿ ਉਹਨਾਂ ਦੇ 2 ਬੱਚੇ ਹਨ।ਬੇਟੇ ਦੀ ਉਮਰ 18 ਸਾਲ ਹੈ। ਉਸ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਆਸ ਹੈ ਕਿ ਜਲਦ ਹੀ ਉਹ ਆਪਣੀ 14 ਸਾਲ ਦੀ ਬੇਟੀ ਨੂੰ ਵੀ ਟੀਕਾ ਲਗਵਾ ਪਾਉਣਗੇ। ਉਹਨਾਂ ਨੇ ਟੀਕਾਕਰਨ ਦਾ ਸਮਰਥਨ ਕਰਦਿਆਂ ਕਿਹਾ,''ਅਸੀਂ ਸਥਾਨਕ ਸਮੂਹਿਕ ਕੋਸ਼ਿਸ਼ ਨਾਲ ਹੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾ ਸਕਦੇ ਹਾਂ। ਮੇਰੇ ਜਾਂ ਕੁਝ ਲੋਕਾਂ ਦੇ ਟੀਕਾਕਰਨ ਕਰਵਾ ਲੈਣ ਭਰ ਨਾਲ ਕੋਈ ਫਰਕ ਨਹੀਂ ਪਵੇਗਾ। ਹਰਡ ਇਮਿਊਨਿਟੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਟੀਕਾਕਰਨ ਡ੍ਰਾਇਵ ਵਿਚ ਹਿੱਸਾ ਲਈਏ ਅਤੇ ਯੂ.ਏ.ਈ. ਦੀ ਇਸ ਮੁਹਿੰਮ ਨੂੰ ਸਫਲ ਬਣਾਈਏ।''
ਪੜ੍ਹੋ ਇਹ ਅਹਿਮ ਖਬਰ- ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਹੈਰੀ-ਮੇਗਨ ਨੇ ਕੀਤਾ ਭਾਰਤ 'ਚ ਰਾਹਤ ਕੇਂਦਰ ਬਣਾਉਣ ਦਾ ਐਲਾਨ
ਨਿਧੀ ਅਗਰਵਾਲ ਨਾਮ ਦੀ ਇਕ ਭਾਰਤੀ ਪ੍ਰਵਾਸੀ ਕਹਿੰਦੀ ਹੈ ਕਿ ਸਾਡੇ ਪਰਿਵਾਰ ਵਿਚ 6 ਲੋਕ ਹਨ। ਮੈਂ ਅਤੇ ਮੇਰੇ ਪਤੀ, ਸੱਸ-ਸਹੁਰਾ ਅਤੇ ਦੋ ਬੱਚੇ। ਇਕ ਦੀ ਉਮਰ 12 ਸਾਲ ਹੈ ਅਤ ਦੂਜੇ ਦੀ 17 ਸਾਲ। ਅਸੀਂ ਕਾਫੀ ਸਮਾਂ ਪਹਿਲਾਂ ਜਨਵਰੀ ਮਹੀਨੇ ਵਿਚ ਹੀ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾ ਲਿਆ ਸੀ ਅਤੇ ਟੀਕਾ ਵੀ ਲਗਵਾ ਲਿਆ। ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ। ਮੇਰੇ ਸੱਸ-ਸਹੁਰਾ ਦੋਵੇਂ ਦਿਲ ਦੇ ਮਰੀਜ਼ ਹਨ ਅਤੇ ਮੈਂ ਡਾਇਬਿਟੀਕ ਹਾਂ। ਮੈਂ ਸਮਝਦੀ ਹਾਂ ਕਿ ਟੀਕਾਕਰਨ ਨਾਲ ਸਾਡੇ ਸਰੀਰ ਨੂੰ ਕੋਰੋਨਾ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਮਿਲੇਗੀ। ਇਸ ਲਈ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਕਿ ਮੇਰੇ ਬੱਚਿਆਂ ਨੂੰ ਵੀ ਜਲਦੀ ਹੀ ਵੈਕਸੀਨ ਲੱਗ ਸਕੇ।
ਸਰਕਾਰ ਦੇ ਇਸ ਫ਼ੈਸਲੇ ਨਾਲ ਯੂ.ਏ.ਈ. ਦੇ ਸਕੂਲਾਂ ਵਿਚ ਵੀ ਕਾਫੀ ਖੁਸ਼ੀ ਹੈ।ਜ਼ਾਹਰ ਹੈਕਿ ਵੀਰਵਾਰ ਨੂੰ ਹੈਲਥ ਐਂਡ ਪ੍ਰੀਵੈਂਸ਼ਨ ਮੰਤਰਾਲੇ ਨੇ 12 ਤੋਂ 15 ਸਾਲ ਦੇ ਬੱਚਿਆਂ 'ਤੇ Pfizer-BioNTech ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਕੀਤਾ ਗਿਆ ਸੀ ਜਿਸ ਵਿਚ ਉਹ ਬੱਚਿਆਂ 'ਤੇ ਵੀ 100 ਫੀਸਦੀ ਅਸਰਦਾਰ ਸਾਬਤ ਹੋਈ ਹੈ। ਹਾਲ ਹੀ ਵਿਚ ਅਮਰੀਕਾ ਨੇ ਵੀ 12 ਤੋਂ 15 ਸਾਲ ਦੇ ਬੱਚਿਆਂ 'ਤੇ ਇਸ ਵੈਕਸੀਨ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਅਮਿਟੀ ਸਕੂਲ ਦੁਬਈ ਦੀ ਪ੍ਰਿੰਸੀਪਲ ਸੰਗੀਤਾ ਚੀਮਾ ਨੇ ਇਸ ਮਨਜ਼ੂਰੀ 'ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਹੈ ਕਿ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ ਜੇਕਰ ਸਕੂਲਾਂ ਵਿਚ ਵੀ ਸਾਨੂੰ ਸਰਕਾਰੀ ਗਾਈਡਲਾਈਨ ਦੇ ਮੁਤਾਬਕ ਟੀਕਾਕਰਨ ਡ੍ਰਾਇਵ ਚਲਾਉਣ ਦੀ ਇਜਾਜ਼ਤ ਮਿਲੇ। ਅਸੀਂ ਲੋਕ ਇਸ ਮਹਾਮਾਰੀ ਦੇ ਸਮੇਂ ਵਿਚ ਰਾਸ਼ਟਰ ਦੀ ਭਲਾਈ ਲਈ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ।
ਨੋਟ- UAE 'ਚ ਵੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ Pfizer ਦੀ ਕੋਵਿਡ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।