ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ
Wednesday, Feb 09, 2022 - 04:19 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ‘ਸਵਰ ਕੋਕਿਲ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ‘ਸੱਚਮੁੱਚ ਉਪ ਮਹਾਂਦੀਪ ਦੀ ਆਵਾਜ਼’ ਸਨ। ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿਚ ਮੁੰਬਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 8 ਦਹਾਕਿਆਂ ਦੇ ਆਪਣੇ ਕਰੀਅਰ ਵਿਚ 25,000 ਗੀਤ ਗਾਏ।
ਗੁਤਾਰੇਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਮੰਗਲਵਾਰ ਨੂੰ ਦੱਸਿਆ ਕਿ ਸਕੱਤਰ ਜਨਰਲ ਨੇ ਮੰਗੇਸ਼ਕਰ ਦੇ ਪਰਿਵਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਸਹੀ ਅਰਥਾਂ ਵਿਚ ਉਪ ਮਹਾਂਦੀਪ ਦੀ ਆਵਾਜ਼ ਸਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐਸ. ਤਿਰੁਮੂਰਤੀ ਨੇ ਐਤਵਾਰ ਨੂੰ ਕਿਹਾ ਕਿ ਮੰਗੇਸ਼ਕਰ ਦੀ ਮੌਤ ਦੇਸ਼ ਲਈ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸੰਗੀਤ ਦੀ ਦੁਨੀਆ ਵਿਚ ਕੋਈ ਵੀ ਉਨ੍ਹਾਂ ਦੀ ਜਗ੍ਹਾ ਨਹੀਂ ਲੈ ਸਕਦਾ।’
ਉਨ੍ਹਾਂ ਕਿਹਾ, ‘ਭਾਰਤ ਰਤਨ ਲਤਾ ਮੰਗੇਸ਼ਕਰ ਸਾਡੇ ਦਿਲਾਂ ਵਿਚ ਹਮੇਸ਼ਾ ਜਿਉਂਦੀ ਰਹੇਗੀ।’ ਸੰਯੁਕਤ ਰਾਸ਼ਟਰ ਮਹਿਲਾ ਸੰਘ ਦੀ ਉਪ ਕਾਰਜਕਾਰੀ ਨਿਰਦੇਸ਼ਕ ਅਤੇ ਸਹਾਇਕ ਸਕੱਤਰ-ਜਨਰਲ ਅਨੀਤਾ ਭਾਟੀਆ ਨੇ ਵੀ ਐਤਵਾਰ ਨੂੰ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ।