ਯੂ. ਐੱਨ. ਮਾਹਿਰ ਨੇ ਖੋਲ੍ਹੀ ਪੋਲ : ਚੀਨ ’ਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲਿਆਂ ਦੀ ਹੁੰਦੀ ਹੈ ਹੱਤਿਆ

Wednesday, Jun 30, 2021 - 12:16 PM (IST)

ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰ ਰੱਖਿਅਕਾਂ ਦੀ ਵਿਸ਼ੇਸ਼ ਦੂਤ ਮੈਰੀ ਲਾਲਰ ਨੇ ਕਾਲੇ ਕਾਰਨਾਮਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਚੀਨ ’ਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਕਾਰਕੁਨਾਂ ’ਤੇ ਝੂਠੇ ਮੁਕੱਦਮੇ ਪਾਏ ਜਾਂਦੇ ਹਨ ਤੇ ਤਸੀਹੇ ਦਿੱਤੇ ਜਾਂਦੇ ਹਨ। ਸੰਯੁਕਤ ਰਾਸ਼ਟਰ ਦੀ ਆਜ਼ਾਦ ਮਾਹਿਰ ਮੈਰੀ ਲਾਲਰ ਨੇ ਦੱਸਿਆ ਕਿ ਚੀਨ ’ਚ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਇਨ੍ਹਾਂ ਮੁਕੱਦਮਿਆਂ ’ਚ ਕਈ ਸਾਲ ਤੱਕ ਲਈ ਜੇਲ੍ਹ ਵਿਚ ਪਾ ਦਿੱਤਾ ਜਾਂਦਾ ਹੈ। ਇਹੀ ਨਹੀਂ, ਉਨ੍ਹਾਂ ਦੀ ਜੇਲ੍ਹ ਦੇ ਅੰਦਰ ਹੱਤਿਆ ਤੱਕ ਕਰ ਦਿੱਤੀ ਜਾਂਦੀ ਹੈ।

ਮੈਰੀ ਲਾਲਰ ਨੇ ਕਿਹਾ ਕਿ ਚੀਨ ’ਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲਿਆਂ ਨੂੰ ਝੂਠੇ ਮਾਮਲਿਆਂ ’ਚ ਜੇਲ੍ਹ ਵਿਚ ਸੁੱਟਣਾ, ਹਿਰਾਸਤ ਵਿਚ ਲੈ ਕੇ ਤਸੀਹੇ ਦੇਣਾ ਆਮ ਹੈ। ਲਾਲਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਮਾਮਲਿਆਂ ਦੀਆਂ ਅਣਗਿਣਤ ਸ਼ਿਕਾਇਤਾਂ ਹਨ, ਜਿਨ੍ਹਾਂ ’ਚ ਮਨੁੱਖੀ ਅਧਿਕਾਰ ਦੀ ਪੈਰਵੀ ਕਰਨ ਵਾਲਿਆਂ ਨੂੰ ਤਸੀਹੇ ਦਿੱਤੇ ਗਏ।

ਉਨ੍ਹਾਂ ਨੇ ਦੱਸਿਆ ਕਿ ਚੀਨ ’ਚ ਅਜਿਹੇ ਹੀ ਮਨੁੱਖੀ ਅਧਿਕਾਰ ਕਾਰਕੁਨ ਗਾਓ ਜਿਸ਼ੇਂਗ ਨੂੰ ਗਾਇਬ ਕਰ ਦਿੱਤਾ ਗਿਆ। ਕੁਝ ਦੀ ਜੇਲ੍ਹ ’ਚ ਸਜ਼ਾ ਕੱਟਣ ਦੌਰਾਨ ਹੀ ਮੌਤ ਹੋ ਗਈ। ਉਹ 13 ਅਜਿਹੇ ਮਨੁੱਖੀ ਅਧਿਕਾਰ ਰੱਖਿਅਕਾਂ ਬਾਰੇ ਜਾਣਦੀ ਹੈ, ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਜਾਂ 10 ਸਾਲ ਤੱਕ ਜੇਲ੍ਹ ਦੀ ਸਜ਼ਾ ਤੱਕ ਦੇ ਦਿੱਤੀ ਗਈ। ਸਜ਼ਾ ਦੇਣ ਵਿਚ ਵੀ ਕਾਨੂੰਨ ਨਹੀਂ ਮਨਮਰਜ਼ੀ ਵਾਲਾ ਵਤੀਰਾ ਅਪਣਾਇਆ ਜਾਂਦਾ ਹੈ। ਮੈਰੀ ਲਾਲਰ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਕਈ ਸ਼ਖਸੀਅਤਾਂ ਨੇ ਪੀੜਤਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨ ਦਫ਼ਤਰ ਨੇ ਚੀਨ ਦੀਆਂ ਇਨ੍ਹਾਂ ਕਰਤੂਤਾਂ ਦੀ ਨਿੰਦਾ ਕੀਤੀ ਹੈ।


Manoj

Content Editor

Related News