ਮਲਾਲਾ ਬਣੀ ਦਹਾਕੇ ਦੀ ''ਸਭ ਤੋਂ ਮਸ਼ਹੂਰ ਅੱਲ੍ਹੜ'', ਸੰਯੁਕਤ ਰਾਸ਼ਟਰ ਨੇ ਕੀਤਾ ਐਲਾਨ

12/26/2019 5:20:33 PM

ਜਿਨੇਵਾ- ਸੰਯੁਕਤ ਰਾਸ਼ਟਰ ਨੇ 'ਡਿਕੇਡ ਇਨ ਰਿਵਿਊ' ਰਿਪੋਰਟ ਵਿਚ ਪਾਕਿਸਤਾਨ ਦੀ ਸਮਾਜਿਕ ਕਾਰਕੁੰਨ ਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੂੰ ਬੀਤੇ ਦਹਾਕੇ ਵਿਚ ਵਿਸ਼ਵ ਦੀ ਸਭ ਤੋਂ ਮਸ਼ਹੂਰ ਅੱਲ੍ਹੜ ਐਲਾਨ ਕੀਤਾ ਹੈ। ਇਸ ਸਮੀਖਿਆ ਰਿਪੋਰਟ ਵਿਚ 2010 ਦੇ ਮੱਧ ਤੋਂ ਲੈ ਕੇ 2013 ਦੇ ਅਖੀਰ ਤੱਕ ਦੇ ਕਾਰਕੁੰਨਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਦ ਨਿਊਜ਼ ਇੰਟਰਨੈਸ਼ਨਲ ਮੁਤਾਬਕ ਇਸ ਵਿਚ 2010 ਵਿਚ ਹੈਤੀ ਵਿਚ ਆਏ ਭੂਚਾਲ, 2011 ਦੇ ਸੀਰੀਆਈ ਸੰਘਰਸ਼ ਤੇ 2012 ਵਿਚ ਮਲਾਲਾ ਯੂਸੁਫਜ਼ਈ ਵਲੋਂ ਲੜਕੀਆਂ ਦੀ ਸਿੱਖਿਆ ਨੂੰ ਲੈ ਕੇ ਚਲਾਈ ਗਈ ਮੁਹਿੰਮ ਨੂੰ ਸ਼ਾਮਲ ਕੀਤਾ ਗਿਆ। ਸਾਲ 2014 ਵਿਚ ਮਲਾਲਾ ਨੂੰ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਮਲਾਲਾ ਸਭ ਤੋਂ ਘੱਟ ਉਮਰ ਵਿਚ ਇਹ ਉਪਲਬਧੀ ਹਾਸਲ ਕਰਨ ਵਾਲੀ ਸ਼ਖਸੀਅਤ ਹੈ। ਯਾਦ ਰਹੇ ਕਿ ਮਲਾਲਾ ਦੇ ਸਿਰ ਵਿਚ ਤਾਲਿਬਾਨੀ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਇਸ ਦੇ ਬਾਵਜੂਦ ਉਹਨਾਂ ਨੇ ਲੜਕੀਆਂ ਦੀ ਸਿੱਖਿਆ ਦੇ ਲਈ ਕੰਮ ਕਰਨਾ ਜਾਰੀ ਰੱਖਿਆ।

ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਮਲਾਲਾ 'ਤੇ ਹੋਏ ਇਸ ਹਮਲੇ ਦੀ ਪੂਰੀ ਦੁਨੀਆ ਨੇ ਨਿੰਦਾ ਕੀਤੀ। ਉਸੇ ਸਾਲ ਮਨੁੱਖੀ ਅਧਿਕਾਰ ਦਿਵਸ ਦੇ ਦਿਨ ਪੈਰਿਸ ਸਥਿਤ ਯੂਨੈਸਕੋ ਦੇ ਹੈੱਡਕੁਆਰਟਰ ਵਿਚ ਇਸ ਘਟਨਾ ਦੇ ਖਿਲਾਫ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਨਾਲ ਹੀ ਲੜਕੀਆਂ ਦੇ ਸਕੂਲ ਜਾਣ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਤੇ ਲੜਕੀਆਂ ਦੀ ਸਿੱਖਿਆ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ ਗਿਆ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਜਾਨਲੇਵਾ ਹਮਲੇ ਤੋਂ ਬਾਅਦ ਮਲਾਲਾ ਦੇ ਕੱਦ ਵਿਚ ਵਾਧਾ ਹੋਇਆ। ਇਸ ਤੋਂ ਬਾਅਦ ਸਾਲ 2017 ਵਿਚ ਲੜਕੀਆਂ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮਲਾਲਾ ਨੂੰ ਯੂ.ਐਨ. ਨੇ ਆਪਣਾ ਸ਼ਾਂਤੀਦੂਤ ਬਣਾਇਆ। 22 ਸਾਲਾ ਮਲਾਲਾ ਨੂੰ 'Teen Vogue' ਮੈਗੇਜ਼ੀਨ ਨੇ ਹਾਲ ਹੀ ਵਿਚ ਕਵਰ ਪਰਸਨ ਦੇ ਲਈ ਚੁਣਿਆ ਸੀ।


Baljit Singh

Content Editor

Related News