ਯੁੱਧ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਵਾਪਸ ਪਰਤ ਰਹੇ ਯੂਕ੍ਰੇਨ ਦੇ ਰਾਸ਼ਟਰਪਤੀ ਕਾਰ ਹਾਦਸੇ 'ਚ ਜ਼ਖ਼ਮੀ
Thursday, Sep 15, 2022 - 10:24 AM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਕਾਰ ਵੀਰਵਾਰ ਤੜਕੇ ਇੱਕ ਹੋਰ ਵਾਹਨ ਨਾਲ ਟਕਰਾ ਗਈ, ਜਦੋਂ ਉਹ ਯੁੱਧ ਖੇਤਰ ਦਾ ਦੌਰਾ ਕਰਕੇ ਰਾਜਧਾਨੀ ਕੀਵ ਪਰਤ ਰਹੇ ਸਨ। ਸ਼ੁਕਰ ਹੈ ਕਿ ਹਾਦਸੇ ਵਿਚ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਜ਼ੇਲੇਂਸਕੀ ਦੇ ਬੁਲਾਰੇ ਸਰਗੇਈ ਨਿਕੀਫੋਰੋਵ ਨੇ ਇਹ ਜਾਣਕਾਰੀ ਦਿੱਤੀ। ਨਿਕੀਫੋਰੋਵ ਨੇ ਕਿਹਾ ਕਿ ਜ਼ੇਲੇਂਸਕੀ ਖਾਰਕੀਵ ਖੇਤਰ ਤੋਂ ਕੀਵ ਵਾਪਸ ਜਾ ਰਹੇ ਸਨ, ਜਿੱਥੇ ਉਹ ਰੂਸੀ ਫੌਜਾਂ ਤੋਂ ਆਜ਼ਾਦ ਕਰਾਏ ਗਏ ਇਜ਼ੀਅਮ ਸ਼ਹਿਰ ਵਿੱਚ ਯੂਕ੍ਰੇਨੀ ਸੈਨਿਕਾਂ ਨੂੰ ਮਿਲਣ ਆਏ ਸਨ।
ਇਹ ਵੀ ਪੜ੍ਹੋ: ਰਾਸ਼ਟਰਪਤੀ ਮੁਰਮੂ ਸਮੇਤ ਦੁਨੀਆ ਭਰ ਦੇ ਲਗਭਗ 500 ਨੇਤਾ ਮਹਾਰਾਣੀ ਦੇ ਅੰਤਿਮ ਸੰਸਕਾਰ 'ਚ ਹੋਣਗੇ ਸ਼ਾਮਲ
ਇੱਕ ਫੇਸਬੁੱਕ ਪੋਸਟ ਵਿੱਚ ਨਿਕੀਫੋਰੋਵ ਨੇ ਕਿਹਾ ਕਿ ਕੀਵ ਵਿੱਚ ਇੱਕ ਯਾਤਰੀ ਵਾਹਨ ਰਾਸ਼ਟਰਪਤੀ ਦੇ ਕਾਫਲੇ ਨਾਲ ਟਕਰਾ ਗਿਆ। ਜ਼ੇਲੇਂਸਕੀ ਦੀ ਮੈਡੀਕਲ ਟੀਮ ਨੇ ਯਾਤਰੀ ਵਾਹਨ ਦੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ, ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਨਿਕੀਫੋਰੋਵ ਮੁਤਾਬਕ ਡਾਕਟਰੀ ਟੀਮ ਨੇ ਰਾਸ਼ਟਰਪਤੀ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜ਼ੇਲੇਂਸਕੀ ਨੂੰ ਕਿਸ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਹਨ। ਨਿਕੀਫੋਰੋਵ ਮੁਤਾਬਕ ਹਾਦਸੇ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।