ਰੂਸ ਨਾਲ ਜੰਗ ਵਿਚਾਲੇ ਘਿਰਿਆ ਯੂਕਰੇਨ, ਵਿਦੇਸ਼ ਮੰਤਰੀ ਸਮੇਤ 6 ਮੰਤਰੀਆਂ ਨੇ ਦਿੱਤਾ ਅਸਤੀਫ਼ਾ
Wednesday, Sep 04, 2024 - 03:24 PM (IST)
ਕੀਵ : ਯੂਕਰੇਨ ਅਤੇ ਰੂਸ ਵਿਚਾਲੇ ਲਗਭਗ ਤਿੰਨ ਸਾਲਾਂ ਤੋਂ ਜੰਗ ਚੱਲ ਰਹੀ ਹੈ, ਜਿਸ ਵਿਚ ਕਈ ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਲੋਕ ਇਸ ਯੁੱਧ ਵਿਚ ਬੇਘਰ ਹੋ ਗਏ ਹਨ। ਦੋਵੇਂ ਦੇਸ਼ ਇਕ ਦੂਜੇ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੰਸਦ ਦੇ ਸਪੀਕਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਕਈ ਹੋਰ ਮੰਤਰੀ ਵੀ ਅਹੁਦਾ ਛੱਡ ਚੁੱਕੇ ਹਨ ਪਰ ਦਮਿਤਰੋ ਕੁਲੇਬਾ ਸਭ ਤੋਂ ਵੱਡਾ ਚਿਹਰਾ ਹਨ।
ਦਮਿਤਰੋ ਕੁਲੇਬਾ ਯੁੱਧ ਦੌਰਾਨ ਯੂਕਰੇਨੀ ਕੂਟਨੀਤੀ ਦਾ ਇੱਕ ਮਹੱਤਵਪੂਰਨ ਚਿਹਰਾ ਹੈ। ਯੂਕਰੇਨ ਦੇ ਵੇਰਖੋਵਨਾ ਰਾਡਾ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰੀ ਦਮਿਤਰੋ ਕੁਲੇਬਾ ਦਾ ਅਸਤੀਫਾ ਮਿਲ ਗਿਆ ਹੈ। ਰੁਸਲਾਨ ਸਟੇਫਾਨਚੁਕ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸੰਸਦ ਛੇਤੀ ਹੀ ਉਨ੍ਹਾਂ ਦੇ ਅਸਤੀਫੇ 'ਤੇ ਵੋਟਿੰਗ ਕਰੇਗੀ। 43 ਸਾਲਾ ਦਮਿਤਰੋ ਕੁਲੇਬਾ 2020 ਤੋਂ ਯੂਕਰੇਨ ਦੇ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਸਨ। ਉਨ੍ਹਾਂ ਨੇ ਰੂਸ ਦੇ 2022 ਦੇ ਹਮਲੇ ਤੋਂ ਬਾਅਦ ਕੀਵ ਲਈ ਪੱਛਮੀ ਸਮਰਥਨ ਪ੍ਰਾਪਤ ਕਰਨ ਲਈ ਦੁਨੀਆ ਦਾ ਦੌਰਾ ਕੀਤਾ।
6 ਹੋਰ ਮੰਤਰੀਆਂ ਨੇ ਦਿੱਤੇ ਅਸਤੀਫ਼ੇ
ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਤੋਂ ਇਲਾਵਾ ਯੂਕਰੇਨ ਦੇ 6 ਹੋਰ ਮੰਤਰੀਆਂ ਨੇ ਮੰਗਲਵਾਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਨ੍ਹਾਂ ਵਿੱਚ ਨਿਆਂ, ਰਣਨੀਤਕ ਉਦਯੋਗ ਅਤੇ ਵਾਤਾਵਰਣ ਸੁਰੱਖਿਆ ਮੰਤਰੀ ਸ਼ਾਮਲ ਸਨ। ਹਾਲ ਹੀ 'ਚ ਦਮਿਤਰੋ ਕੁਲੇਬਾ ਭਾਰਤੀ ਦੌਰੇ 'ਤੇ ਆਏ ਸਨ। ਉਹ ਪਹਿਲੀ ਵਾਰ ਮਾਰਚ ਮਹੀਨੇ ਭਾਰਤ ਪਹੁੰਚਿਆ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ੍ਰੀ ਵਿਕਰਮ ਮਿਸ਼ਰੀ ਨਾਲ ਮੁਲਾਕਾਤ ਕੀਤੀ।
ਭਾਰਤ ਦੌਰੇ 'ਤੇ ਆਏ ਸਨ ਦਮਿਤਰੋ
29 ਮਾਰਚ 2024 ਨੂੰ ਡਾ. ਐੱਸ ਜੈਸ਼ੰਕਰ ਅਤੇ ਦਮਿਤਰੋ ਕੁਲੇਬਾ ਵਿਚਕਾਰ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਤਕਨਾਲੋਜੀ, ਰੱਖਿਆ, ਖੇਤੀਬਾੜੀ, ਸਿਹਤ, ਸੱਭਿਆਚਾਰ ਅਤੇ ਸਿੱਖਿਆ ਵਰਗੇ ਖੇਤਰਾਂ ਸਮੇਤ ਭਾਰਤ ਅਤੇ ਯੂਕਰੇਨ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਦੋਵਾਂ ਮੰਤਰੀਆਂ ਨੇ ਭਾਰਤ-ਯੂਕਰੇਨ ਵਪਾਰ, ਆਰਥਿਕ, ਵਿਗਿਆਨਕ, ਤਕਨੀਕੀ, ਉਦਯੋਗਿਕ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਵੱਖਰੇ ਤੌਰ 'ਤੇ ਚਰਚਾ ਕੀਤੀ।