ਆਪਣੇ ਹੀ ਬਣੇ ਦੁਸ਼ਮਣ! ਯੂਕ੍ਰੇਨ ਦੇ ਰਾਸ਼ਟਰਪਤੀ ਨੇ ਸੁਰੱਖਿਆ ਮੁਖੀ ਅਤੇ ਸਰਕਾਰੀ ਵਕੀਲ ਨੂੰ ਕੀਤਾ ਬਰਖ਼ਾਸਤ
Monday, Jul 18, 2022 - 02:58 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੁਰੱਖਿਆ ਵਿਭਾਗ ਦੇ ਮੁਖੀ ਸਮੇਤ 2 ਉੱਚ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਦੇ ਲੀਡਰਸ਼ਿਪ ਹੁਨਰ 'ਤੇ ਵੀ ਸਵਾਲ ਚੁੱਕੇ ਗਏ ਹਨ ਅਤੇ ਉਨ੍ਹਾਂ 'ਤੇ ਰੂਸ ਦਾ ਸਮਰਥਨ ਕਰਨ ਲਈ ਦੇਸ਼ਧ੍ਰੋਹ ਦਾ ਦੋਸ਼ ਵੀ ਲਗਾਇਆ ਗਿਆ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਐਤਵਾਰ ਰਾਤ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ, ''ਅੱਜ ਮੈਂ ਪ੍ਰੌਸੀਕਿਊਟਰ ਜਨਰਲ ਨੂੰ ਅਹੁਦੇ ਤੋਂ ਹਟਾਉਣ ਅਤੇ ਯੂਕ੍ਰੇਨੀ ਦੀ ਸੁਰੱਖਿਆ ਸੇਵਾ ਦੇ ਮੁਖੀ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ।'' ਬਰਖ਼ਾਸਤ ਕੀਤੇ ਗਏ ਅਧਿਕਾਰੀਆਂ ਵਿੱਚ ਸੁਰੱਖਿਆ ਮੁਖੀ ਇਵਾਨ ਬਾਕਾਨੋਵ ਅਤੇ ਪ੍ਰੌਸੀਕਿਊਟਰ ਜਨਰਲ ਇਰੀਨਾ ਵੇਨੇਡਿਕਟੋਵਾ ਸ਼ਾਮਲ ਹਨ।
ਇਹ ਵੀ ਪੜ੍ਹੋ: ਅਮਰੀਕਾ: ਆਸਮਾਨ 'ਚ 2 ਜਹਾਜ਼ਾਂ ਦੀ ਭਿਆਨਕ ਟੱਕਰ, ਚਾਰ ਲੋਕਾਂ ਦੀ ਮੌਤ (ਵੀਡੀਓ)
ਉਨ੍ਹਾਂ ਨੇ ਕਿਹਾ, 'ਯੂਕ੍ਰੇਨ ਵਿੱਚ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਅਤੇ ਰੂਸ ਦੀਆਂ ਵਿਸ਼ੇਸ਼ ਸੇਵਾਵਾਂ ਦੇ ਵਿਚਕਾਰ ਸਬੰਧਾਂ ਦਾ ਪਤਾ ਲਗਾਇਆ ਗਿਆ ਹੈ। ਅਜਿਹੇ ਅਪਰਾਧ ਰਾਸ਼ਟਰੀ ਸੁਰੱਖਿਆ ਲਈ ਬੇਹੱਦ ਖ਼ਤਰਨਾਕ ਹਨ। ਇਹ ਸਬੰਧਤ ਲੀਡਰਸ਼ਿਪ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਹਰ ਸਵਾਲ ਦਾ ਢੁੱਕਵਾਂ ਜਵਾਬ ਚਾਹੀਦਾ ਹੈ।' ਉਨ੍ਹਾਂ ਨੇ ਇਸ ਦੌਰਾਨ ਦੱਸਿਆ ਕਿ ਕ੍ਰੀਮੀਆ ਵਿੱਚ ਸੁਰੱਖਿਆ ਸੇਵਾ ਦੇ ਮੁੱਖ ਡਾਇਰੈਕਟੋਰੇਟ ਦੇ ਸਾਬਕਾ ਮੁਖੀ ਨੂੰ ਵੀ ਦੇਸ਼ਧ੍ਰੋਹ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ, 'ਰੂਸ ਦੇ ਹਿੱਤਾਂ ਵਿੱਚ ਕੰਮ ਕਰਨ ਵਾਲਾ ਹਰ ਕੋਈ ਅਪਰਾਧਿਕ ਸਮੂਹ ਦਾ ਹਿੱਸਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਇਹ ਦੁਸ਼ਮਣ ਨੂੰ ਖ਼ੁਫੀਆ ਜਾਣਕਾਰੀ ਪ੍ਰਦਾਨ ਕਰਾਉਣ ਅਤੇ ਰੂਸੀ ਵਿਸ਼ੇਸ਼ ਸੇਵਾਵਾਂ ਨਾਲ ਸਹਿਯੋਗ ਕਰਨ ਦੇ ਬਾਰੇ ਵਿਚ ਹੈ।'
ਇਹ ਵੀ ਪੜ੍ਹੋ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਇੰਡੀਆਨਾ ਮਾਲ 'ਚ ਹੋਈ ਫਾਈਰਿੰਗ 'ਚ ਹਮਲਾਵਰ ਸਮੇਤ 4 ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।