ਯੂਕਰੇਨ ਨੇ ਅਫਗਾਨਿਸਤਾਨ ''ਚ ਆਪਣੇ ਜਹਾਜ਼ ਦੇ ਹਾਈਜੈਕ ਹੋਣ ਦੀ ਰਿਪੋਰਟ ਦਾ ਕੀਤਾ ਖੰਡਨ

Tuesday, Aug 24, 2021 - 06:20 PM (IST)

ਯੂਕਰੇਨ ਨੇ ਅਫਗਾਨਿਸਤਾਨ ''ਚ ਆਪਣੇ ਜਹਾਜ਼ ਦੇ ਹਾਈਜੈਕ ਹੋਣ ਦੀ ਰਿਪੋਰਟ ਦਾ ਕੀਤਾ ਖੰਡਨ

ਕੀਵ (ਵਾਰਤਾ) ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਉਸ ਦੇ ਯਾਤਰੀ ਜਹਾਜ਼ ਨੂੰ ਅਫਗਾਨਿਸਤਾਨ ਵਿਚ ਤਾਲਿਬਾਨ ਨੇ ਅਗਵਾ ਕਰ ਲਿਆ ਹੈ। ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ ਅਫਗਾਨਿਸਤਾਨ ਤੋਂ 256 ਲੋਕਾਂ ਨੂੰ ਕੱਢ ਕੇ ਇੱਥੇ ਸੁਰੱਖਿਅਤ ਉਤਰ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਉਪ ਵਿਦੇਸ਼ ਮੰਤਰੀ ਯੇਵਘੇਨੀ ਗ੍ਰੇਨਿਨ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਜਿਹੜਾ ਜਹਾਜ਼ ਯੂਕਰੇਨ ਦੇ ਲੋਕਾਂ ਨੂੰ ਲੈਣ ਗਿਆ ਸੀ ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਵਰਤੋਂ ਹੋਰ ਯਾਤਰੀਆਂ ਨੂੰ ਲਿਜਾਣ ਲਈ ਕੀਤੀ ਗਈ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਿਕੋਲੈਕੋ ਨੇ ਦੱਸਿਆ ਕਿ ਅਫਗਾਨਿਸਤਾਨ ਜਾਂ ਕਿਸੇ ਵੀ ਹੋਰ ਜਗ੍ਹਾ 'ਤੇ ਯੂਕਰੇਨ ਦੇ ਜਹਾਜ਼ ਨੂੰ ਹਾਈਜੈਕ ਨਹੀਂ ਕੀਤਾ ਗਿਆ ਅਤੇ ਜਹਾਜ਼ ਹਾਈਜੈਕ ਦੀ ਜਾਣਕਾਰੀ ਕੁਝ ਮੀਡੀਆ ਸੰਸਥਾਵਾਂ ਵਿਚ ਪ੍ਰਸਾਰਿਤ ਕੀਤੀ ਗਈ ਹੈ, ਜੋ ਪੂਰੀ ਤਰ੍ਹਾਂ ਝੂਠ ਹੈ। ਉਹਨਾਂ ਨੇ ਦੱਸਿਆ ਕਿ ਯੂਕਰੇਨ ਦੇ ਸਾਰੇ ਜਹਾਜ਼ ਸਹੀ ਸਲਾਮਤ ਸਵਦੇਸ਼ ਪਰਤ ਆਏ ਹਨ ਅਤੇ ਅਫਗਾਨਿਸਤਾਨ ਤੋਂ 256 ਯੂਕਰੇਨੀ ਲੋਕਾਂ ਨੂੰ ਕੱਢ ਲਿਆ ਗਿਆ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਯੇਨਿਨ ਕਾਬੁਲ ਹਵਾਈ ਅੱਡੇ 'ਤੇ ਪੈਦਾ ਹੋਈ ਹਫੜਾ-ਦਫੜੀ ਦੇ ਬਾਰੇ ਚਰਚਾ ਕਰ ਰਹੇ ਹਨ ਅਤੇ ਉੱਥੋਂ ਲੋਕਾਂ ਨੂੰ ਕੱਢਣ ਵਿਚ ਸਾਡੇ ਡਿਪਲੋਮੈਟਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ ਕਾਬੁਲ ਤੋਂ 1,600 ਤੋਂ ਵੱਧ ਲੋਕਾਂ ਨੂੰ ਕੱਢਿਆ ਸੁਰੱਖਿਅਤ

ਯੂਕਰੇਨ ਵਿਦੇਸ਼ ਮੰਤਰਾਲਾ ਅਫਗਾਨਿਸਤਾਨ ਵਿਚ ਹਾਲੇ ਰਹਿ ਰਹੇ ਆਪਣੇ ਨਾਗਰਿਕਾਂ ਤੋਂ ਲਗਾਤਾਰ ਸੰਪਰਕ ਬਣਾਏ ਹੋਏ ਹੈ ਅਤੇ ਉੱਥੋਂ ਉਹਨਾਂ ਨੂੰ ਸਹੀ ਸਲਾਮਤ ਕੱਢਣ ਲਈ ਢੰਗਾਂ 'ਤੇ ਵਿਚਾਰ ਕਰ ਰਿਹਾ ਹੈ। ਗੌਰਤਲਬ ਹੈ ਕਿ ਇਸ ਸਮੇਂ ਅਫਗਾਨਿਸਤਾਨ ਦੀਆਂ ਸਾਰੀਆਂ ਸਰਹੱਦਾਂ 'ਤੇ ਤਾਲਿਬਾਨ ਦਾ ਕਬਜ਼ਾ ਹੈ ਅਤੇ ਉੱਥੇ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਕਾਬੁਲ ਹਵਾਈ ਅੱਡੇ ਤੋਂ ਕੀਤਾ ਜਾ ਰਿਹਾ ਹੈ ਜਿੱਥੇ ਅਮਰੀਕੀ ਅਤੇ ਨਾਟੋ ਸੈਨਿਕ ਤਾਇਨਾਤ ਹਨ।ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਕੇ ਪੂਰੇ ਦੇਸ਼ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਸੀ ਪਰ ਹੁਣ ਤੱਕ ਪੰਜਸ਼ੀਰ ਘਾਟੀ 'ਤੇ ਉਸ ਦਾ ਕਬਜ਼ਾ ਨਹੀਂ ਹੋ ਸਕਿਆ ਹੈ। ਉਸ ਦੇ ਬਾਅਦ ਤੋਂ ਹੀ ਹੋਰ ਦੇਸ਼ਾਂ ਨੇ ਅਫਗਾਨਿਸਤਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ।


author

Vandana

Content Editor

Related News