ਯੂ. ਕੇ. : ਵੈਲਡਿੰਗ ਕਾਮਿਆਂ ਨੇ ਇਕਾਂਤਵਾਸ ਨਿਯਮ ਕੀਤਾ ਭੰਗ, ਮਿਲੀ ਇਹ ਸਜ਼ਾ
Saturday, Oct 03, 2020 - 09:44 AM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੂੰ ਰੋਕਣ ਲਈ ਬਣਾਏ ਗਏ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਵਿਰੁੱਧ ਸਰਕਾਰ ਸਖ਼ਤ ਰੁਖ਼ ਵਰਤ ਰਹੀ ਹੈ।
ਇਕਾਂਤਵਾਸ ਜੋ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਅਹਿਮ ਹੈ, ਜਿਸ ਨੂੰ ਤੋੜਣ 'ਤੇ ਸਜ਼ਾ ਵੀ ਦਿੱਤੀ ਜਾਂਦੀ ਹੈ। ਅਜਿਹੀ ਸਜ਼ਾ ਦਾ ਇੱਕ ਮਾਮਲਾ ਯੌਰਕਸ਼ਾਇਰ ਵਿੱਚ ਸਾਹਮਣੇ ਆਇਆ ਹੈ। ਇੱਥੇ ਪੰਜ ਵੈਲਡਿੰਗ ਕਾਮਿਆਂ ਨੂੰ ਇਕੱਲੇ ਰਹਿਣ ਵਿਚ ਅਸਫਲ ਰਹਿਣ 'ਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਜੇਲ੍ਹ ਕੀਤੀ ਹੈ। ਇਹ ਕਾਮੇ ਜੋ ਆਇਲ ਆਫ ਮੈਨ ਆਈਲੈਂਡ ਉੱਤੇ ਗਏ ਸਨ ਜਿੱਥੇ ਕਾਫੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ ਪਰ ਜੋ ਵੀ ਵਿਅਕਤੀ ਇੱਥੇ ਪਹੁੰਚਦਾ ਹੈ, ਉਸ ਨੂੰ ਵਾਇਰਸ ਰੋਕਣ ਲਈ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਜਰੂਰੀ ਹੈ।
ਇਸ ਮਾਮਲੇ ਵਿੱਚ 18 ਤੋਂ 62 ਸਾਲ ਦੀ ਉਮਰ ਦੇ ਪੰਜ ਆਦਮੀ 29 ਸਤੰਬਰ ਨੂੰ ਹੇਅਸ਼ਮ (ਲੈਂਕਸ) ਤੋਂ ਬੇੜੀ ਰਾਹੀਂ ਇਸ ਟਾਪੂ 'ਤੇ ਪਹੁੰਚੇ। ਇਹ ਵੈਲਡਰ ਕਿੱਤੇ ਨਾਲ ਸਬੰਧਤ ਸਨ ਅਤੇ ਹਾਏਰੇਲ ਲਈ ਮੈਨੈਕਸ ਇਲੈਕਟ੍ਰਿਕ ਰੇਲਵੇ 'ਤੇ ਕੰਮ ਕਰ ਰਹੇ ਸਨ।
ਇਸ ਬੰਦਰਗਾਹ ਤੋਂ ਇਕਾਂਤਵਾਸ ਲਈ ਸਿੱਧਾ ਉਨ੍ਹਾਂ ਦੀ ਰਿਹਾਇਸ਼ ਵੱਲ ਜਾਣ ਦੀ ਬਜਾਏ ਇਹ ਸਾਰੇ ਵਿਅਕਤੀ ਸ਼ਰਾਬ ਖਰੀਦਣ ਲਈ ਟੈਸਕੋ ਸਟੋਰ 'ਤੇ ਚਲੇ ਗਏ ਸਨ। ਇਸ ਘਟਨਾ ਦੀ ਜਾਣਕਾਰੀ ਟੈਸਕੋ ਸਟਾਫ ਦੇ ਇਕ ਮੈਂਬਰ ਨੂੰ ਦਿੱਤੀ ਗਈ ਅਤੇ ਉਨ੍ਹਾਂ ਲੋਕਾਂ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੱਖਣ ਯੌਰਕਸ ਦੇ ਡੋਨਕੈਸਟਰ ਤੋਂ ਆਏ ਸਾਰੇ ਪੰਜ ਵੈਲਡਰਾਂ ਨੂੰ ਐਮਰਜੈਂਸੀ ਸ਼ਕਤੀ ਐਕਟ ਤਹਿਤ ਕੋਵਿਡ -19 ਪਾਬੰਦੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਦੋਸ਼ੀ ਮੰਨਿਆ ਗਿਆ ਅਤੇ ਅੱਜ ਵੀਡੀਓ ਲਿੰਕ ਰਾਹੀਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।ਪੇਸ਼ੀ ਦੌਰਾਨ ਮੈਨਕਸ ਅਦਾਲਤ ਨੇ ਇਨ੍ਹਾਂ ਨੂੰ ਇਕੱਲਤਾ ਦੇ ਨਿਯਮਾਂ ਨੂੰ ਤੋੜਨ ਲਈ ਜੇਲ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਆਈਲੈਂਡ ਤੇ ਤਾਲਾਬੰਦੀ 15 ਜੂਨ ਨੂੰ ਖ਼ਤਮ ਹੋਈ ਸੀ ਅਤੇ ਪੱਬ, ਰੈਸਟੋਰੈਂਟ, ਸਿਨੇਮਾਘਰ ਅਤੇ ਜਿੰਮ ਆਮ ਵਾਂਗ ਖੁੱਲ੍ਹੇ ਹਨ।