ਬ੍ਰਿਟੇਨ ਨੇ ਈਰਾਨ ਨੂੰ ਟੈਂਕਰ ਛੱਡਣ ਦੀ ਕੀਤੀ ਅਪੀਲ

07/21/2019 11:43:35 AM

ਲੰਡਨ— ਬ੍ਰਿਟੇਨ ਨੇ ਖਾੜੀ 'ਚ ਵਧੇ ਤਣਾਅ ਨੂੰ ਘੱਟ ਕਰਨ ਲਈ ਈਰਾਨ ਨੂੰ ਉਸ ਵਲੋਂ ਜ਼ਬਤ ਕੀਤੇ ਗਏ ਬਰਤਾਨਵੀ ਟੈਂਕਰ ਨੂੰ ਛੱਡਣ ਦੀ ਸ਼ਨੀਵਾਰ ਨੂੰ ਅਪੀਲ ਕੀਤੀ। ਬ੍ਰਿਟੇਨ ਨੇ ਕਿਹਾ ਸੀ ਕਿ ਓਮਾਨੀ ਜਲਖੇਤਰ 'ਚ ਇਸ ਟੈਂਕਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਬਤ ਕੀਤਾ ਜਾਣਾ 'ਪੂਰੀ ਤਰ੍ਹਾਂ ਅਸਵਿਕਾਰ ਯੋਗ' ਕਦਮ ਹੈ। ਈਰਾਨ ਜ਼ਬਤ ਕੀਤੇ ਗਏ ਤੇਲ ਟੈਂਕਰ ਅਤੇ ਉਸ ਦੇ ਕਰੂ ਮੈਂਬਰਾਂ ਨੂੰ ਆਜ਼ਾਦ ਕਰਨ ਦੀਆਂ ਯੂਰਪੀ ਅਪੀਲਾਂ ਨੂੰ ਲਗਾਤਾਰ ਅਣਸੁਣਿਆ ਕਰ ਰਿਹਾ ਹੈ। ਉੱਥੇ ਹੀ ਅਮਰੀਕਾ ਨੇ ਈਰਾਨ ਦੇ ਖੇਤਰੀ ਧੁਰ ਵਿਰੋਧੀ ਸਾਊਦੀ ਅਰਬ 'ਚ ਆਪਣੇ ਫੌਜੀਆਂ ਦੀ ਫਿਰ ਤੋਂ ਤਾਇਨਾਤੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਈਰਾਨ ਦੇ ਇਸਲਾਮਕ ਰੈਵੋਲਿਊਸ਼ਨਰੀ ਗਾਰਡਾਂ ਨੇ ਕਿਹਾ ਕਿ ਉਸ ਨੇ ਹਰਮੁਜ ਖਾੜੀ 'ਚ 'ਕੌਮਾਂਤਰੀ ਸਮੁੰਦਰੀ ਨਿਯਮਾਂ' ਨੂੰ ਤੋੜਨ ਲਈ ਸ਼ੁੱਕਰਵਾਰ ਨੂੰ ਸਟੇਨਾ ਇੰਪੋਰਾ ਨੂੰ ਜ਼ਬਤ ਕਰ ਲਿਆ ਸੀ। 

ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨਾਲ ਟੱਕਰ ਹੋਣ ਦੇ ਬਾਅਦ ਮਦਦ ਲਈ ਸੰਪਰਕ ਕਰਨ 'ਤੇ ਕਥਿਤ ਤੌਰ 'ਤੇ ਜਵਾਬ ਨਾ ਦੇਣ ਦੇ ਕਾਰਨ ਤੇਲ ਦੇ ਟੈਂਕਰ ਨੂੰ ਅੱਬਾਸ ਬੰਦਰਗਾਹ 'ਤੇ ਜ਼ਬਤ ਕਰ ਲਿਆ ਗਿਆ ਸੀ। ਇਸ ਤੋਂ ਕੁਝ ਹੀ ਸਮਾਂ ਪਹਿਲਾਂ ਜਿਬ੍ਰਾਲਟਰ ਦੀ ਇਕ ਅਦਾਲਤ ਨੇ ਕਿਹਾ ਸੀ ਕਿ ਉਹ ਬ੍ਰਿਟਿਸ਼ ਅਧਿਕਾਰੀਆਂ ਵਲੋਂ ਜ਼ਬਤ ਕੀਤੇ ਗਏ ਗ੍ਰੇਸ-1 ਈਰਾਨੀ ਟੈਂਕਰ ਨੂੰ ਹਿਰਾਸਤ 'ਚ ਰੱਖਣ ਦੀ ਤਰੀਕ ਨੂੰ ਅਗਲੇ 30 ਦਿਨਾਂ ਤਕ ਵਧਾ ਰਹੀ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਈਰਾਨੀ ਹਮਰੁਤਬਾ ਅਧਿਕਾਰੀ ਮੁਹੰਮਦ ਜਵਾਦ ਜਰੀਫ ਨਾਲ ਗੱਲ ਕਰਨ ਅਤੇ ਬ੍ਰਿਟੇਨ ਦੀ ਡਿਜ਼ਾਸਟਰ ਕਮੇਟੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਉਹ ਇਸ ਨੂੰ 'ਜੈਸਾ ਨੂੰ ਤੈਸਾ' ਵਾਲੀ ਸਥਿਤੀ ਦੇ ਤੌਰ 'ਤੇ ਦੇਖ ਰਹੇ ਹਨ।


Related News