ਜਾਨਸਨ ਦੇ ਬ੍ਰੈਗਜ਼ਿਟ ਸਮਝੌਤੇ 'ਤੇ ਦਸਤਖਤ ਦੇ ਨਾਲ ਬ੍ਰਿਟੇਨ 'ਚ 'ਨਵਾਂ ਅਧਿਆਏ' ਸ਼ੁਰੂ

Saturday, Jan 25, 2020 - 01:32 PM (IST)

ਜਾਨਸਨ ਦੇ ਬ੍ਰੈਗਜ਼ਿਟ ਸਮਝੌਤੇ 'ਤੇ ਦਸਤਖਤ ਦੇ ਨਾਲ ਬ੍ਰਿਟੇਨ 'ਚ 'ਨਵਾਂ ਅਧਿਆਏ' ਸ਼ੁਰੂ

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਸਮਝੌਤੇ 'ਤੇ ਸ਼ੁੱਕਰਵਾਰ ਨੂੰ ਦਸਤਖਤ ਕਰ ਦਿੱਤੇ ਹਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਮਝੌਤੇ 'ਤੇ ਦਸਤਖਤ ਕਰਨ ਦੇ ਨਾਲ ਹੀ ਬ੍ਰਿਟੇਨ ਨੇ ਯੂਰਪੀ ਸੰਘ ਦੀ ਦਹਾਕਿਆਂ ਪੁਰਾਣੀ ਆਪਣੀ ਮੈਂਬਰਤਾ ਨੂੰ ਖਤਮ ਕਰ ਦਿੱਤਾ ਹੈ ਤੇ ਕਈ ਸਾਲਾਂ ਦੀ ਦੇਰੀ ਤੇ ਘਰੇਲੂ ਵਿਵਾਦ ਤੋਂ ਬਾਅਦ ਆਪਣੇ ਨੇੜਲੇ ਗੁਆਂਢੀਆਂ ਤੇ ਵਪਾਰਕ ਸਹਿਯੋਗੀਆਂ ਦਾ ਸਾਥ ਛੱਡ ਦਿੱਤਾ ਹੈ।

ਜਾਨਸਨ ਨੇ ਇਕ ਬਿਆਨ ਵਿਚ ਕਿਹਾ ਕਿ ਵੱਖ ਹੋਣ ਦੇ ਸਮਝੌਤੇ 'ਤੇ ਦਸਤਖਤ ਕਰਨਾ ਬਹੁਤ ਸ਼ਾਨਦਾਰ ਪਲ ਹੈ, ਜਿਸ ਦੇ ਨਾਲ ਆਖਿਰਕਾਰ 2016 ਦੀ ਰਾਇਸ਼ੁਮਾਰੀ ਦਾ ਨਤੀਜਾ ਸਿੱਧ ਹੋਇਆ ਤੇ ਕਈ ਸਾਲਾਂ ਦੀ ਬਹਿਸ ਤੇ ਵੰਡ ਦਾ ਅੰਤ ਹੋਇਆ। ਉਹਨਾਂ ਨੇ ਇਸ ਮੌਕੇ ਦੀ ਇਕ ਤਸਵੀਰ ਵੀ ਟਵੀਟ ਕੀਤੀ ਤੇ ਲਿਖਿਆ ਕਿ ਇਹ ਦਸਤਖਤ ਸਾਡੇ ਦੇਸ਼ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਬੰਦ ਕਮਰੇ ਵਿਚ ਹੋਏ ਸਮਾਗਮ ਵਿਚ ਯੂਰਪੀ ਸੰਘ ਮੁਖੀ ਉਰਸੁਲਾ ਵੋਨ ਦੇਰ ਲਿਯੇਨ ਤੇ ਚਾਰਲਸ ਮਿਸ਼ੇਲ ਨੇ ਸਮਝੌਤੇ 'ਤੇ ਦਸਤਖਤ ਕੀਤੇ। 

ਅਗਲੇ ਹਫਤੇ ਬੁੱਧਵਾਰ ਨੂੰ ਇਸ ਸਮਝੌਤੇ ਦੀ ਕਾਪੀ ਯੂਰਪੀ ਸੰਘ ਵਿਚ ਭੇਜੀ ਜਾਵੇਗੀ ਤੇ ਵੀਰਵਾਰ ਨੂੰ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੇ ਡਿਪਲੋਮੈਟ ਲਿਖਤ ਵਿਚ ਸਮਝੌਤੇ ਨੂੰ ਮਨਜ਼ੂਰੀ ਦੇਣਗੇ। ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਵੀਰਵਾਰ ਨੂੰ ਸਮਝੌਤੇ ਨੂੰ ਆਪਣੀ ਰਸਮੀ ਮਨਜ਼ੂਰੀ ਦੇ ਦਿੱਤੀ ਸੀ ਤੇ ਯੂਰਪੀ ਸੰਘ ਦੇ ਆਉਣ ਵਾਲੇ ਕੁਝ ਦਿਨਾਂ ਵਿਚ ਆਖਰੀ ਰਸਮਾਂ ਨੂੰ ਪੂਰਾ ਕਰਨ ਦੀ ਸੰਭਾਵਨਾ ਹੈ।


author

Baljit Singh

Content Editor

Related News