ਯੂ. ਕੇ. : ਕਿਸਾਨ ਅੰਦੋਲਨ ਦੇ ਹੱਕ ''ਚ ਪੰਜਾਬੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ, ਕਈ ਗ੍ਰਿਫ਼ਤਾਰ

Monday, Dec 07, 2020 - 02:04 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਭਾਰਤ ਵਿਚ ਬਣਾਏ ਗਏ ਖੇਤੀ ਕਾਨੂੰਨਾਂ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦੇਸ਼ ਭਰ ਵਿਚ ਖਾਸ ਕਰਕੇ ਪੰਜਾਬ ਦੇ ਕਿਸਾਨ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ, ਜਿਸ ਦੀ ਲੜੀ ਤਹਿਤ ਰਾਜਧਾਨੀ ਦਿੱਲੀ ਵਿਚ ਵੱਡੇ ਪੱਧਰ 'ਤੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਹਨ। ਸਿਰਫ਼ ਭਾਰਤ ਹੀ ਨਹੀਂ ਦੁਨੀਆ ਭਰ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਵਿਚ ਕੈਨੇਡਾ, ਅਮਰੀਕਾ, ਆਸਟ੍ਰੇਲਿਆ ,ਇੰਗਲੈਂਡ ਸਮੇਤ ਕਈ ਹੋਰ ਦੇਸ਼ਾਂ ਵਿੱਚ ਪੰਜਾਬੀ ਅਤੇ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਹੋ ਰਿਹਾ ਹੈ। 

PunjabKesari

ਇਸੇ ਸਿਲਸਿਲੇ ‘ਚ ਯੂ. ਕੇ. ਵਿਚ ਵੀ ਐਤਵਾਰ ਨੂੰ ਲੋਕਾਂ ਨੇ ਰਾਜਧਾਨੀ ਲੰਡਨ 'ਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ।  ਲੰਡਨ ਵਿਚ ਭਾਰਤੀ ਦੂਤਘਰ ਦੇ ਬਾਹਰ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਨਾਅਰੇ ਲਗਾਉਂਦਿਆ ਆਪਣਾ ਰੋਸ ਜਾਹਰ ਕੀਤਾ ਜਦਕਿ ਇਸ ਦੌਰਾਨ ਪੁਲਸ ਨੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ ਲਈ 9 ਲੋਕਾਂ ਨੂੰ ਗ੍ਰਿਫਤਾਰ ਅਤੇ ਚਾਰ ਹੋਰਨਾਂ ਨੂੰ ਜੁਰਮਾਨਾ ਵੀ ਕੀਤਾ। 

ਜ਼ਿਕਰਯੋਗ ਹੈ ਕਿ ਯੂ. ਕੇ. ਵਿਚ ਇਕ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਤੇ ਇਨ੍ਹਾਂ ਨੇ ਭਾਰਤੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਹੁੰਚਾਉਣ ਲਈ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਘੇਰ ਕੇ ਕਿਸਾਨਾਂ ਦੀ ਹਿਮਾਇਤ ਕੀਤੀ। ਮੈੱਟ ਪੁਲਸ ਕਮਾਂਡਰ ਪਾਲ ਬਰੋਗਡਿਨ ਅਨੁਸਾਰ ਕੋਰੋਨਾ ਵਾਇਰਸ ਪਾਬੰਦੀਆਂ ਦੇ ਚੱਲਦਿਆਂ ਅਜਿਹੇ ਪ੍ਰਦਰਸ਼ਨਾਂ ਦੇ ਮਾਮਲੇ ਵਿਚ ਸਖ਼ਤ ਨਿਯਮ ਲਾਗੂ ਹਨ ਅਤੇ ਜੇ 30 ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਗ੍ਰਿਫ਼ਤਾਰੀ ਦੇ ਨਾਲ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।


Lalita Mam

Content Editor

Related News