UK ਚੋਣਾਂ : ਤਨਮਨਜੀਤ ਢੇਸੀ ਖਿਲਾਫ ਲੜੇਗੀ ਪੰਜਾਬੀ ਮੂਲ ਦੀ ਕੰਵਲ ਤੂਰ

10/08/2019 12:57:26 PM

ਲੰਡਨ— ਬ੍ਰੈਗਜ਼ਿਟ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਲਈ 31 ਅਕਤੂਬਰ ਆਖਰੀ ਦਿਨ ਹੈ। ਬ੍ਰੈਗਜ਼ਿਟ ਕਾਰਨ ਕਈ ਵਾਰ ਮਿਡ ਟਰਮ ਚੋਣਾਂ ਕਰਵਾਉਣ ਦੀ ਗੱਲ ਆਖੀ ਗਈ ਹੈ ਹਾਲਾਂਕਿ ਇਸ ਦੀ ਅਜੇ ਕੋਈ ਰਸਮੀ ਘੋਸ਼ਣਾ ਨਹੀਂ ਕੀਤੀ ਗਈ ਪਰ ਪਾਰਟੀਆਂ ਨੇ ਆਪਣੇ ਉਮੀਦਵਾਰ ਚੁਣਨੇ ਸ਼ੁਰੂ ਕਰ ਦਿੱਤੇ ਹਨ। ਸਲੋਹ ਤੋਂ ਕੰਜ਼ਰਵੇਟਿਵ ਪਾਰਟੀ ਨੇ ਕੰਵਲ ਤੂਰ ਨੂੰ ਚੁਣਿਆ ਹੈ, ਜਿੱਥੇ ਯੂ. ਕੇ. ਦੇ ਪਹਿਲੇ ਪੱਗੜੀਧਾਰੀ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਸੇਵਾ ਨਿਭਾਅ ਰਹੇ ਹਨ। ਲੇਬਰ ਪਾਰਟੀ ਦੇ ਢੇਸੀ ਵਿਰੁੱਧ ਪੰਜਾਬੀ ਮੂਲ ਦੀ ਕੰਵਲ ਤੂਰ ਨੂੰ ਖੜ੍ਹੇ ਕੀਤੇ ਜਾਣਾ ਵੱਡਾ ਕਦਮ ਦੇਖਿਆ ਜਾ ਰਿਹਾ ਹੈ।

ਲੰਡਨ ਨੇੜੇ ਪੈਂਦੇ ਹਲਕੇ ਸਲੋਹ ਤੋਂ ਸਾਲ 2017 'ਚ ਢੇਸੀ 63 ਫੀਸਦੀ ਵੋਟਾਂ ਨਾਲ ਜਿੱਤੇ ਸਨ ਅਤੇ ਯੂ. ਕੇ. ਦੇ ਪਹਿਲੇ ਪੱਗੜੀਧਾਰੀ ਐੱਮ. ਪੀ. ਬਣੇ ਸਨ। ਕੰਜ਼ਰਵੇਟਿਵ ਪਾਰਟੀ ਵਲੋਂ ਕਿਹਾ ਜਾ ਰਿਹਾ ਹੈ ਕਿ ਕੰਵਲ ਤੂਰ ਸਲੋਹ 'ਚ ਅਜਿਹੇ ਸੁਧਾਰ ਕਰ ਸਕਦੀ ਹੈ ਜੋ ਢੇਸੀ ਵਲੋਂ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਢੇਸੀ ਨੇ ਸ਼ਹਿਰ 'ਤੇ ਚੰਗੀ ਤਰ੍ਹਾਂ ਫੋਕਸ ਨਹੀਂ ਕੀਤਾ। ਉਮੀਦਵਾਰ ਚੁਣੇ ਜਾਣ ਤੋਂ ਬਾਅਦ ਤੂਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਇਸ ਸੇਵਾ ਲਈ ਚੁਣਿਆ ਗਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਤੂਰ ਨੂੰ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਇਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਲਈ ਬਹੁਤ ਵਧੀਆ ਹੋਵੇਗਾ।


Related News