ਯੂਕੇ : ਤਾਲਾਬੰਦੀ ਨੂੰ ਇੱਕ ਸਾਲ ਪੂਰਾ, ਕੋਰੋਨਾ ਕਾਰਨ ਵਿਛੜੀਆਂ ਰੂਹਾਂ ਨੂੰ ਕੀਤਾ ਗਿਆ ਯਾਦ

Wednesday, Mar 24, 2021 - 01:35 PM (IST)

ਯੂਕੇ : ਤਾਲਾਬੰਦੀ ਨੂੰ ਇੱਕ ਸਾਲ ਪੂਰਾ, ਕੋਰੋਨਾ ਕਾਰਨ ਵਿਛੜੀਆਂ ਰੂਹਾਂ ਨੂੰ ਕੀਤਾ ਗਿਆ ਯਾਦ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੀ ਪਹਿਲੀ ਤਾਲਾਬੰਦੀ ਤੋਂ ਇੱਕ ਸਾਲ ਬਾਅਦ ਕੋਰੋਨਾ ਵਾਇਰਸ ਪੀੜਤ ਲੋਕਾਂ ਨੂੰ ਯਾਦ ਕਰਨ ਲਈ ਮੋਮਬੱਤੀਆਂ ਜਗਾਈਆਂ ਗਈਆਂ। ਯੂਕੇ ਭਰ ਵਿੱਚ ਲੋਕ ਮੋਮਬੱਤੀਆਂ ਜਗ੍ਹਾ ਕੇ ਆਪਣੇ ਦਰਵਾਜ਼ਿਆਂ 'ਚ ਖੜ੍ਹੇ ਹੋਏ, ਜਦਕਿ ਦੇਸ਼ ਭਰ ਦੇ ਪ੍ਰਸਿੱਧ ਸਥਾਨਾਂ ਨੂੰ "ਨੈਸ਼ਨਲ ਰਿਫਲਿਕਸ਼ਨ ਡੇਅ" ਦੇ ਹਿੱਸੇ ਵਜੋਂ ਪ੍ਰਕਾਸ਼ਿਤ ਕੀਤਾ ਗਿਆ। 

ਇਸ ਤੋਂ ਪਹਿਲਾਂ ਮਹਾਮਾਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਰ ਵਿੱਚ ਇੱਕ ਮਿੰਟ ਦਾ ਮੌਨ ਧਾਰਿਆ ਗਿਆ। ਪਿਛਲੇ ਸਾਲ ਮਹਾਮਾਰੀ ਸ਼ੁਰੂ ਹੋਣ 'ਤੇ 23 ਮਾਰਚ, 2020 ਨੂੰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਦੇਸ਼ ਭਰ ਦੇ ਸਕੂਲ, ਦੁਕਾਨਾਂ ਅਤੇ ਪੱਬਾਂ ਨੂੰ ਬੰਦ ਕਰਨ ਲਈ ਤਾਲਾਬੰਦੀ ਦੀ ਘੋਸ਼ਣਾ ਕੀਤੀ ਸੀ। ਉਸ ਸਮੇਂ ਤੋਂ ਬਾਅਦ ਯੂਕੇ ਵਿੱਚ ਅਧਿਕਾਰਤ ਤੌਰ 'ਤੇ ਮੌਤਾਂ ਦੀ ਗਿਣਤੀ ਤਕਰੀਬਨ 126,284 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਕ ਹੋਰ ਰਾਜ ਨੇ 'ਇੱਛਾ ਮੌਤ' ਨੂੰ ਦਿੱਤੀ ਪ੍ਰਵਾਨਗੀ

"ਨੈਸ਼ਨਲ ਰਿਫਲੈਕਸ਼ਨ ਡੇਅ" ਜੋ ਕਿ ਐਂਡ ਆਫ ਲਾਈਫ ਚੈਰਿਟੀ ਮੈਰੀ ਕਿਊਰੀ ਦੁਆਰਾ ਆਯੋਜਿਤ ਕੀਤਾ ਗਿਆ, ਨੇ ਲੋਕਾਂ ਨੂੰ ਇਸ ਲਈ ਆਪਣੇ ਫੋਨ, ਮੋਮਬੱਤੀਆਂ ਅਤੇ ਮਸ਼ਾਲਾਂ ਨਾਲ ਰਾਤ 8 ਵਜੇ ਉਨ੍ਹਾਂ ਦੇ ਦਰਵਾਜ਼ੇ 'ਤੇ ਖੜ੍ਹੇ ਹੋਣ ਲਈ ਉਤਸ਼ਾਹਿਤ ਕੀਤਾ। ਰਾਜਧਾਨੀ ਲੰਡਨ ਵਿੱਚ ਟ੍ਰੈਫਲਗਰ ਸਕੁਏਅਰ, ਲੰਡਨ ਆਈ ਅਤੇ ਵੈਂਬਲੀ ਸਟੇਡੀਅਮ ਅਜਿਹੇ ਮਹੱਤਵਪੂਰਣ ਸਥਾਨ ਸਨ ਜੋ ਰਾਤ ਨੂੰ ਰਾਤ ਨੂੰ ਪੀਲੇ ਰੰਗ ਨਾਲ ਜਗਾਏ ਗਏ। ਲਿਵਰਪੂਲ 'ਚ ਸੇਂਟ ਜਾਰਜ ਹਾਲ, ਬਲੈਕਪੂਲ ਟਾਵਰ ਅਤੇ ਸੇਂਟ ਮੈਰੀਜ ਲਾਈਟ ਹਾਊਸ ਦੇ ਨਾਲ ਲਿੰਕਨ ਕੈਥੇਡ੍ਰਲ ਵਿੱਚ ਵੀ ਰੌਸ਼ਨੀ ਕੀਤੀ ਗਈ।

ਇਸ ਦੇ ਇਲਾਵਾ ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਪਾਰਲੀਮੈਂਟਸ ਅਤੇ ਅਸੈਂਬਲੀਆਂ ਦੇ ਨਾਲ-ਨਾਲ ਕਾਰਡਿਫ ਯੂਨੀਵਰਸਿਟੀ ਅਤੇ ਸਿਟੀ ਹਾਲ, ਬੇਲਫਾਸਟ ਦੀ ਟਾਈਟੈਨਿਕ ਬਿਲਡਿੰਗ ਅਤੇ ਸਿਟੀ ਹਾਲ ਅਤੇ ਐਡਿਨਬਰਾ ਦੇ ਸੇਂਟ ਐਂਡਰਿਊਜ਼ ਹਾਊਸ ਵੀ ਇਸ ਕਾਰਵਾਈ ਵਿੱਚ ਸ਼ਾਮਿਲ ਹੋਏ। 8 ਵੱਜਦੇ ਹੀ ਡਾਉਨਿੰਗ ਸਟ੍ਰੀਟ ਦੇ ਬਾਹਰ ਮੋਮਬੱਤੀ ਜਗਾਈ ਗਈ ਜਦਕਿ ਲੇਬਰ ਲੀਡਰ ਸਰ ਕੀਰ ਸਟਾਰਮਰ ਨੇ ਵੀ ਦਰਵਾਜ਼ੇ 'ਤੇ ਰੌਸ਼ਨੀ ਕਰ ਕੇ ਮ੍ਰਿਤਕਾਂ ਨੂੰ ਯਾਦ ਕੀਤਾ।


author

Vandana

Content Editor

Related News