ਯੂ. ਕੇ. : ਹਵਾਈ ਯਾਤਰਾ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੀਥਰੋ ਏਅਰਪੋਰਟ 'ਤੇ ਲੱਗੀ ਯਾਤਰੀਆਂ ਦੀ ਭੀੜ

Monday, Jan 18, 2021 - 03:41 PM (IST)

ਯੂ. ਕੇ. : ਹਵਾਈ ਯਾਤਰਾ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੀਥਰੋ ਏਅਰਪੋਰਟ 'ਤੇ ਲੱਗੀ ਯਾਤਰੀਆਂ ਦੀ ਭੀੜ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਫੈਲ ਰਹੀ ਲਾਗ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਵਾਈ ਯਾਤਰਾ ਸੰਬੰਧੀ ਨਵੇਂ ਨਿਯਮਾਂ ਤਹਿਤ ਨੈਗੇਟਿਵ ਕੋਰੋਨਾ ਟੈਸਟ ਰਿਪੋਰਟ ਦਿਖਾਉਣ ਮਗਰੋਂ ਇਕਾਂਤਵਾਸ ਹੋਣਾ ਜ਼ਰੂਰੀ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਦੇ ਸੋਮਵਾਰ ਨੂੰ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਲੰਡਨ ਦੇ ਹੀਥਰੋ ਏਅਰਪੋਰਟ 'ਤੇ ਤਾਲਾਬੰਦੀ ਦੌਰਾਨ ਹੀ ਵੱਡੀ ਗਿਣਤੀ ਵਿਚ ਯਾਤਰੀਆਂ ਨੇ ਸ਼ਿਰਕਤ ਕੀਤੀ। 
ਇਸ ਦੌਰਾਨ ਚਿਹਰੇ ਨੂੰ ਮਾਸਕ ਨਾਲ ਢਕੇ ਲੋਕਾਂ ਦੇ ਸਮੂਹਾਂ ਨੂੰ ਵਾਇਰਸ ਟੈਸਟ ਲਈ ਜਾਂਚ ਅਤੇ ਚੈੱਕ ਇਨ ਕਰਦੇ ਦੇਖਿਆ ਗਿਆ। 

ਹੀਥਰੋ ਦੇ ਰਵਾਨਗੀ ਬੋਰਡ ਅਨੁਸਾਰ ਐਤਵਾਰ ਦੁਪਹਿਰ 2.30 ਵਜੇ ਤੱਕ ਲਗਭਗ 300 ਉਡਾਣਾਂ ਰਵਾਨਾ ਹੋਈਆਂ। ਦੇਸ਼ ਵਿਚ ਕੀਤੀ ਹੋਈ ਤਾਲਾਬੰਦੀ ਦੇ ਨਿਯਮ ਪਹਿਲਾਂ ਹੀ ਕੌਮਾਂਤਰੀ ਯਾਤਰਾ 'ਤੇ ਪਾਬੰਦੀ ਲਗਾਉਂਦੇ ਹਨ ਅਤੇ ਯੂ. ਕੇ. ਤੋਂ ਜਾਣ ਵਾਲੇ ਯਾਤਰੀ ਸਰਕਾਰੀ ਨਿਯਮਾਂ ਅਨੁਸਾਰ ਸਿਰਫ ਕੁਝ ਸੀਮਿਤ ਕਾਰਨਾਂ ਕਰਕੇ ਹੀ ਯਾਤਰਾ ਕਰ ਸਕਦੇ ਹਨ। 

ਹੀਥਰੋ ਏਅਰਪੋਰਟ 'ਤੇ ਬਹੁਤ ਸਾਰੇ ਫੇਸ ਮਾਸਕ ਪਹਿਨੇ ਹੋਏ ਯਾਤਰੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਏਅਰਪੋਰਟ ਦੇ ਇਕ ਬੁਲਾਰੇ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਬੰਦੀਆਂ ਦੇ ਬਾਵਜੂਦ ਹਵਾਈ ਅੱਡਿਆਂ 'ਤੇ ਭੀੜ ਇਕੱਠੀ ਹੋਈ ਹੈ। ਇਸ ਤੋਂ ਪਹਿਲਾਂ ਵੀ ਨਵੰਬਰ ਵਿਚ ਇੰਗਲੈਂਡ ਦੇ ਦੂਜੀ ਵਾਰ ਰਾਸ਼ਟਰੀ ਤਾਲਾਬੰਦ ਹੋਣ ਤੋਂ ਪਹਿਲਾਂ ਲੋਕ ਹੀਥਰੋ ਹਵਾਈ ਅੱਡੇ 'ਤੇ ਯਾਤਰਾ ਦੇ ਮਕਸਦ ਲਈ ਇਕੱਠੇ ਹੋਏ ਸਨ। 

ਯਾਤਰਾ ਸੰਬੰਧੀ ਲਾਗੂ ਕੀਤੀ ਗਈ ਨਵੀਂ ਨੀਤੀ ਅਨੁਸਾਰ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਯੂ. ਕੇ. ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ ਜਾਂ ਯੂ. ਕੇ. ਵਿਚ ਦਾਖਲ ਹੋਣ ਦੇ ਘੱਟੋ-ਘੱਟ ਪੰਜ ਦਿਨ ਬਾਅਦ ਕੋਰੋਨਾ ਦੇ ਨੈਗੇਟਿਵ ਨਤੀਜੇ ਪ੍ਰਾਪਤ ਕਰਨੇ ਹੋਣਗੇ। ਇਸ ਦੇ ਇਲਾਵਾ ਤਾਲਾਬੰਦੀ ਨਿਯਮਾਂ ਅਨੁਸਾਰ ਯੂ. ਕੇ. ਵਿਚ ਮੌਜੂਦ ਲੋਕ ਘਰ ਛੱਡਣ ਦੀ ਕਾਨੂੰਨੀ ਇਜਾਜ਼ਤ ਹੋਣ ਦੀ ਸੂਰਤ ਵਿਚ ਹੀ ਵਿਦੇਸ਼ ਯਾਤਰਾ ਕਰ ਸਕਦੇ ਹਨ।


author

Lalita Mam

Content Editor

Related News