ਘਰ ਬੈਠੇ ਲੋਕ ਕਰ ਸਕਣਗੇ ਕੋਰੋਨਾ ਟੈਸਟ, ਇਸ ਦੇਸ਼ ਨੇ ਵਿਕਸਿਤ ਕੀਤੀ ਨਵੀਂ ਕਿੱਟ
Thursday, Mar 26, 2020 - 02:24 PM (IST)
ਲੰਡਨ- ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਦਹਿਸ਼ਤ ਦੇ ਮੱਦੇਨਜ਼ਰ ਇਕ ਅਜਿਹੀ ਮੈਡੀਕਲ ਕਿੱਟ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਲੋਕ ਘਰ ਬੈਠੇ ਕੋਰੋਨਾਵਾਇਰਸ ਦੀ ਜਾਂਚ ਕਰ ਸਕਣਗੇ। ਇਸ ਦੇ ਲਈ ਨੈਸ਼ਨਲ ਹੈਲਥ ਸਰਵਿਸ ਦੇ ਕਹਿਣ 'ਤੇ ਇਕ ਕੰਪਨੀ ਨੇ ਘਰੇਲੂ ਟੈਸਟ ਕਿੱਟ ਤਿਆਰ ਕੀਤੀ ਹੈ। ਇਹ ਕਿੱਟ ਉਸੇ ਤਰ੍ਹਾਂ ਕੰਮ ਕਰਦੀ ਹੈ, ਜਿਵੇਂ ਗਰਭਵਤੀ ਔਰਤਾਂ ਆਪਣਾ ਟੈਸਟ ਕਰਦੀਆਂ ਹਨ। ਇਸ ਕਿੱਟ ਨਾਲ ਸਿਰਫ ਇਕ ਬੂੰਦ ਖੂਨ ਰਾਹੀਂ ਤੁਸੀਂ ਆਪਣਾ ਕੋਰੋਨਾਵਾਇਰਸ ਟੈਸਟ ਕਰ ਸਕੋਗੇ।
ਇਸ ਟੈਸਟਿੰਗ ਕਿੱਟ ਨਾਲ ਪਤਾ ਲੱਗੇਗਾ ਕਿ ਤੁਹਾਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੈ ਜਾਂ ਨਹੀਂ। ਯੂਨਾਈਟਡ ਕਿੰਗਡਮ ਦੀ ਸਰਕਾਰ ਨੇ 35 ਲੱਖ ਐਂਟੀਬਾਡੀ ਟੈਸਟ ਕਰਵਾਏ ਹਨ। ਹੁਣ ਸਰਕਾਰ ਨੇ ਐਨ.ਐਚ.ਐਸ. ਨੂੰ ਕਿਹਾ ਹੈ ਕਿ ਉਹ ਸਾਰੇ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ ਦੇ ਰਾਹੀਂ ਲੋਕਾਂ ਨੂੰ ਇਸ ਟੈਸਟ ਨੂੰ ਕਰਨ ਦਾ ਤਰੀਕਾ ਦੱਸਣ। ਤਾਂਕਿ ਲੋਕ ਆਪਣੀ ਜਾਂਚ ਕਰਕੇ ਖੁਦ ਆਪਣਾ ਕੰਮ ਸ਼ੁਰੂ ਕਰ ਸਕਣ।
ਇੰਗਲੈਂਡ ਦੀ ਨੈਸ਼ਨਲ ਇਨਫੈਕਸ਼ਨ ਸਰਵਿਸ ਦੀ ਡਾਇਰੈਕਟਰ ਪ੍ਰੋਫੈਸਰ ਸ਼ੈਰਾਨ ਪੀਕਾਕ ਨੇ ਸਾਈਂਸ ਐਂਡ ਟੈਕਨਾਲੋਜੀ ਕਮੇਟੀ ਨੂੰ ਦੱਸਿਆ ਕਿ ਇਹ ਟੈਸਟਿੰਗ ਕਿੱਟ ਤਕਰੀਬਨ ਇਕ ਹਫਤੇ ਵਿਚ ਆ ਜਾਵੇਗੀ। ਇਸ ਨੂੰ ਸਰਕਾਰ ਆਮ ਲੋਕਾਂ ਲਈ ਬਾਜ਼ਾਰ ਵਿਚ ਭੇਜ ਸਕਦੀ ਹੈ। ਆਨਲਾਈਨ ਖਰੀਦਾਰੀ ਕੰਪਨੀਆਂ ਬੂਟਸ ਤੇ ਅਮੇਜ਼ਨ 'ਤੇ ਇਹ ਟੈਸਟਿੰਗ ਕਿੱਟ ਉਪਲਬੱਧ ਰਹੇਗੀ। ਇਸ ਨਾਲ ਫਾਇਦਾ ਇਹ ਹੋਵੇਗਾ ਕਿ ਲੋਕ ਖੁਦ ਆਪਣੀ ਜਾਂਚ ਕਰਕੇ ਇਲਾਜ ਦੇ ਲਈ ਹਸਪਤਾਲ ਆਉਣਗੇ ਜਾਂ ਮੈਡੀਕਲ ਟੀਮ ਨੂੰ ਘਰ ਬੁਲਾ ਲੈਣਗੇ।
ਇਸ ਨਾਲ ਦੂਜਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜੋ ਮੈਡੀਕਲ ਸਟਾਫ ਇਸ ਵੇਲੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਲੱਗਿਆ ਹੋਇਆ ਹੈ, ਉਹ ਆਪਣੀ ਜਾਂਚ ਨਹੀਂ ਕਰਵਾ ਪਾ ਰਿਹਾ ਹੈ। ਉਹ ਲੋਕ ਵੀ ਇਸ ਟੈਸਟਿੰਗ ਕਿੱਟ ਦੇ ਰਾਹੀਂ ਆਪਣੀ ਜਾਂਚ ਕਰ ਲੈਣਗੇ। ਤਾਂਕਿ ਉਹ ਖੁਦ ਦਾ ਬਚਾਅ ਤੇ ਇਲਾਜ ਵੀ ਕਰ ਸਕਣ।
ਇਸ ਟੈਸਟਿੰਗ ਕਿੱਟ ਦੀ ਗੁਣਵੱਤਾ ਦੀ ਜਾਂਚ ਆਕਸਫੋਰਡ ਯੂਨੀਵਰਸਿਟੀ ਵਿਚ ਕੀਤੀ ਜਾ ਚੁੱਕੀ ਹੈ। 7 ਦਿਨ ਦੇ ਅੰਦਰ ਇਸ ਟੈਸਟਿੰਗ ਕਿੱਟ ਨੂੰ ਪੂਰੇ ਦੇਸ਼ ਵਿਚ ਵੇਚਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰੋਫੈਸਰ ਸ਼ੇਰਾਨ ਪੀਕਾਕ ਨੇ ਦੱਸਿਆ ਕਿ ਇਸ ਕਿੱਟ ਨੂੰ ਬੇਹੱਦ ਘੱਟ ਪੈਸਿਆਂ ਵਿਚ ਜਾਂ ਮੁਫਤ ਆਨਲਾਈਨ ਦਿੱਤਾ ਜਾਵੇਗਾ। ਇਸ ਕਿੱਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਲੋਕ ਆਪਣੀ ਜਾਂਚ ਖੁਦ ਕਰ ਲੈਣਗੇ ਤੇ ਉਸ ਦੇ ਮੁਤਾਬਕ ਅੱਗੇ ਵਧਣਗੇ। ਅਜੇ ਇੰਗਲੈਂਡ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਜਾਂਚ ਨੱਕ ਤੋਂ ਸਵੈਬ ਕੱਢ ਕੇ ਕੀਤੀ ਜਾ ਰਹੀ ਹੈ। ਇਸ ਜਾਂਚ ਤੇ ਰਿਪੋਰਟ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ। ਇਸ ਨਾਲ ਇਲਾਜ ਵਿਚ ਦੇਰੀ ਦਾ ਖਦਸ਼ਾ ਬਣਿਆ ਰਹਿੰਦਾ ਹੈ।