ਯੂ. ਕੇ. ''ਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮਈ ਮਹੀਨੇ ਤੱਕ ਲਗਾਈ ਜਾਵੇਗੀ ਕੋਰੋਨਾ ਵੈਕਸੀਨ
Saturday, Feb 06, 2021 - 05:31 PM (IST)
![ਯੂ. ਕੇ. ''ਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮਈ ਮਹੀਨੇ ਤੱਕ ਲਗਾਈ ਜਾਵੇਗੀ ਕੋਰੋਨਾ ਵੈਕਸੀਨ](https://static.jagbani.com/multimedia/2021_2image_17_31_362701605118071575_3745127542178.jpg)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਟੀਕਾਕਰਨ ਮੁਹਿੰਮ ਵਿਚ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਮਈ ਤੱਕ ਕੋਰੋਨਾ ਵਾਇਰਸ ਟੀਕਾ ਲਗਾਇਆ ਜਾਵੇਗਾ। ਇਸ ਸੰਬੰਧੀ ਡਾਉਨਿੰਗ ਸਟ੍ਰੀਟ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਟੀਕਾ ਯੋਜਨਾ 50 ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਤੱਕ ਪਹੁੰਚ ਗਈ ਹੈ ਅਤੇ ਇਸ ਦੇ ਨਾਲ ਹੀ 16 ਤੋਂ 65 ਸਾਲ ਦੇ ਉੱਚ ਜ਼ੋਖ਼ਮ ਵਾਲੇ ਵੀ ਮਈ ਤੱਕ ਇਸ ਵਿਚ ਸ਼ਾਮਲ ਕੀਤੇ ਜਾਣਗੇ।
ਸਰਕਾਰ ਦੀ ਯੋਜਨਾ ਦੇ ਅਨੁਸਾਰ ਯੂ. ਕੇ. ਦੇ ਲਗਭਗ 32 ਮਿਲੀਅਨ ਲੋਕਾਂ ਦੇ ਪਹਿਲੇ ਨੌਂ ਸਮੂਹਾਂ ਵਿਚ ਆਉਣ ਦਾ ਅਨੁਮਾਨ ਹੈ ਜਦਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ 52.7 ਮਿਲੀਅਨ ਲੋਕ ਹਨ। ਇਸ ਗੱਲ ਦਾ ਸੰਕੇਤ ਹੈ ਕਿ ਮੌਜੂਦਾ ਉਪਾਅ ਕੰਮ ਕਰ ਰਹੇ ਹਨ, ਯੂ. ਕੇ. ਵਿਚ ਕੀਤੀ ਹੋਈ ਤਾਲਾਬੰਦੀ ਅਤੇ ਟੀਕਾਕਰਨ ਪ੍ਰਕਿਰਿਆ ਨਾਲ ਕੋਰੋਨਾ ਵਾਇਰਸ ਦੀ ਆਰ ਦਰ ਵੀ 0.7 ਅਤੇ 1 ਦੇ ਵਿਚਕਾਰ ਆ ਗਈ ਹੈ, ਇਸ ਵਿਚ ਸਰਕਾਰੀ ਹਫ਼ਤੇ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਦੇ 0.7 ਤੋਂ 1.1 ਦੇ ਨਾਲੋਂ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਇਲਾਵਾ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦਫ਼ਤਰ ਦੇ ਅੰਦਾਜ਼ੇ ਅਨੁਸਾਰ ਇੰਗਲੈਂਡ ਵਿਚਲੇ ਲੋਕਾਂ ਦਰਮਿਆਨ ਵੀ ਵਾਇਰਸ ਦੀ ਲਾਗ ਘੱਟ ਹੋਈ ਹੈ ,ਜੋ ਕਿ 24 ਤੋਂ 30 ਜਨਵਰੀ ਦਰਮਿਆਨ ਲੱਗਭਗ 65 ਵਿਅਕਤੀਆਂ ਵਿਚੋਂ ਇਕ ਨੂੰ ਹੋਈ ਹੈ ਜਦਕਿ ਇਹ ਇਸ ਤੋਂ ਪਿਛਲੇ ਹਫ਼ਤੇ ਇਹ 55 ਵਿਚੋਂ ਇਕ ਵਿਅਕਤੀ ਲਈ ਦਰਜ ਕੀਤੀ ਗਈ ਸੀ। ਹਾਲਾਂਕਿ, ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਦੇ 28 ਦਿਨਾਂ ਦੇ ਅੰਦਰ 11,014 ਲੋਕਾਂ ਦੀ ਮੌਤ ਹੋਣ ਦੇ ਨਾਲ ਤਕਰੀਬਨ 19,114 ਲੈਬ ਦੁਆਰਾ ਪੁਸ਼ਟੀ ਕੀਤੇ ਹੋਏ ਨਵੇਂ ਕੇਸ ਵੀ ਸਾਹਮਣੇ ਆਏ ਹਨ।