ਇੰਗਲੈਂਡ ਨੇ ਕੋਵਿਡ-19 ਐਂਟੀਬਾਡੀ ਜਾਂਚ ਨੂੰ ਦਿੱਤੀ ਮਨਜ਼ੂਰੀ

05/14/2020 5:29:28 PM

ਲੰਡਨ- ਇੰਗਲੈਂਡ ਵਿਚ ਸਿਹਤ ਅਧਿਕਾਰੀਆਂ ਨੇ ਇਕ ਅਜਿਹੀ ਨਵੀਂ ਐਂਟੀਬਾਡੀ ਜਾਂਚ ਨੂੰ ਮਨਜ਼ੂਰੀ ਦਿੱਤੀ ਹੈ ਕਿ ਕੋਈ ਵਿਅਕਤੀ ਪਹਿਲਾਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਸੀ ਜਾਂ ਨਹੀਂ। ਪਬਲਿਕ ਹੈਲਥ ਇੰਗਲੈਂਡ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਦਵਾਈ ਕੰਪਨੀ ਰੋਸ਼ੇ ਵਲੋਂ ਵਿਕਸਿਤ ਇਹ ਜਾਂਚ ਬਹੁਤ ਹੀ ਸਾਕਾਰਾਤਮਕ ਉਪਲੱਬਧੀ ਹੈ। ਇਸ ਵਿਚ ਖੂਨ ਦੀ ਜਾਂਚ ਕਰਕੇ ਐਂਟੀਬਾਡੀ ਦੇ ਰਾਹੀਂ ਇਹ ਦੇਖਿਆ ਜਾਂਦਾ ਹੈ ਕਿ ਕੀ ਵਿਅਕਤੀ ਪਹਿਲਾਂ ਕਦੇ ਵਾਇਰਸ ਨਾਲ ਇਨਫੈਕਟਿਡ ਸੀ ਤੇ ਹੁਣ ਉਸ ਵਿਚ ਇਸ ਨਾਲ ਲੜਨ ਦੀ ਕੁਝ ਸਮਰਥਾ ਹੋ ਸਕਦੀ ਹੈ। 

ਬ੍ਰਿਟੇਨ ਕੋਰੋਨਾ ਵਾਇਰਸ ਜਾਂਚ ਪ੍ਰੋਗਰਾਮ ਦੇ ਰਾਸ਼ਟਰੀ ਸੰਯੋਜਕ ਪ੍ਰੋਫੈਸਰ ਜਾਨ ਨਿਊਟਨ ਨੇ ਕਿਹਾ ਕਿ ਇਹ ਬਹੁਤ ਹੀ ਸਾਕਾਰਾਤਮਕ ਉਪਲੱਬਧੀ ਹੈ ਕਿਉਂਕਿ ਅਜਿਹੀ ਸਟੀਕ ਐਂਟੀਬਾਡੀ ਜਾਂਚ ਪਹਿਲਾਂ ਦੇ ਇਨਫੈਕਸ਼ਨ ਦਾ ਪਤਾ ਲਾਉਣ ਦੇ ਲਈ ਬਹੁਤ ਭਰੋਸੇਯੋਗ ਹੈ। 'ਦ ਗਾਰਡੀਅਨ' ਦੀ ਖਬਰ ਮੁਤਾਬਕ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਕਾਰਣ ਜਾਨ ਗੁਆ ਚੁੱਕੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਸ ਜਾਨਲੇਵਾ ਵਾਇਰਸ ਦੇ ਖਿਲਾਫ ਲੜਾਈ ਵਿਚ ਅਜਿਹੇ ਐਂਟੀਬਾਡੀ ਜਾਂਚ ਨੂੰ ਮੀਲ ਪੱਥਰ ਕਰਾਰ ਦਿੱਤਾ ਸੀ। ਸਿਹਤ ਤੇ ਸਮਾਜਿਕ ਦੇਖਭਾਲ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਐਂਟੀਬਾਡੀ ਜਾਂਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਇਹ ਸਮਝਣ ਵਿਚ ਮਦਦ ਕਰਨ ਦੀ ਸਾਡੀ ਰਣਨੀਤੀ ਦਾ ਅਹਿਮ ਹਿੱਸਾ ਹੈ ਕਿ ਕਿਸ ਨੂੰ ਇਹ ਬੀਮਾਰੀ ਰਹੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਬੀਤੇ ਹਫਤੇ ਕਿਹਾ ਸੀ ਕਿ ਉਹਨਾਂ ਦਾ ਦੇਸ਼ ਕੋਰੋਨਾ ਵਾਇਰਸ ਐਂਟੀਬਾਡੀ ਜਾਂਚ ਵਿਆਪਕ ਪੈਮਾਨੇ 'ਤੇ ਕਰਵਾਉਣ ਦੇ ਲਈ ਦਵਾਈ ਕੰਪਨੀ ਰੋਸ਼ੇ ਦੇ ਨਾਲ ਗੱਲਬਾਤ ਕਰ ਰਿਹਾ ਹੈ।


Baljit Singh

Content Editor

Related News