ਯੂ. ਕੇ. : ਅੰਤਿਮ ਸੰਸਕਾਰ ਮੌਕੇ ਇਕੱਠ ਕਰਨ ''ਤੇ ਲੱਗਾ 10,000 ਪੌਂਡ ਜੁਰਮਾਨਾ

Saturday, Jan 23, 2021 - 03:18 PM (IST)

ਗਲਾਸਗੋ/ਲੰਡਨ ( ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਵਿਚ ਸਮੂਹਿਕ ਤੌਰ 'ਤੇ ਇਕੱਠ ਕਰਨ ਦੀ ਮਨਾਹੀ ਹੈ ਅਤੇ ਨਿਯਮ ਤੋੜਨ 'ਤੇ ਭਾਰੀ ਜੁਰਮਾਨੇ ਵੀ ਲੱਗਦੇ ਹਨ। ਅਜਿਹੇ ਹੀ ਇਕ ਮਾਮਲੇ ਵਿਚ ਪ੍ਰਸ਼ਾਸਨ ਨੇ ਦੋ ਵਿਅਕਤੀਆਂ ਨੂੰ ਭਾਰੀ ਜੁਰਮਾਨਾ ਠੋਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ 

ਅੰਤਿਮ ਸੰਸਕਾਰ ਮੌਕੇ ਲਗਭਗ 150 ਵਿਅਕਤੀਆਂ ਦਾ ਇਕੱਠ ਕਰਕੇ ਕੋਰੋਨਾ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕੀਤੀ ਤੇ ਇਨ੍ਹਾਂ ਨੂੰ 10,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। 

ਬੈਡਫੋਰਡਸ਼ਾਇਰ ਪੁਲਸ ਨੇ ਸਟੀਵਨੇਜ ਨੇੜੇ ਅਰਲੇਸੀ ਵਿਚ ਹੋਏ ਇਸ ਇਕੱਠ ਲਈ ਸ਼ੁੱਕਰਵਾਰ ਨੂੰ ਤਕਰੀਬਨ 30 ਸਾਲ ਤੋਂ ਉਪਰ ਦੇ ਇਕ ਵਿਅਕਤੀ ਨੂੰ 10,000 ਪੌਂਡ ਦਾ ਜੁਰਮਾਨਾ ਕੀਤਾ ਹੈ। ਇਸ ਦੇ ਇਲਾਵਾ ਮੈਨਸਫੀਲਡ ਨਾਲ ਸੰਬੰਧਤ 41 ਸਾਲਾ ਨਿਰਦੇਸ਼ਕ ਨੂੰ ਵੀ 10,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਸਰਕਾਰ ਵੱਲੋਂ ਨਿਰਧਾਰਿਤ ਮੌਜੂਦਾ ਕੋਰੋਨਾ ਨਿਯਮ ਮੁਤਾਬਕ ਅੰਤਿਮ ਸੰਸਕਾਰ ਵੇਲੇ ਵੱਧ ਤੋਂ ਵੱਧ 30 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। 

ਬੈੱਡਫੋਰਡਸ਼ਾਇਰ ਪੁਲਸ ਸੁਪਰਡੈਂਟ ਜੌਨ ਮਰਫੀ ਮੁਤਾਬਕ ਤਾਲਾਬੰਦੀ ਨਿਯਮਾਂ ਨੂੰ ਸਫ਼ਲ ਕਰਨ ਲਈ ਜੁਰਮਾਨਾ ਪੁਲਸ ਲਈ ਆਖਰੀ ਰਾਹ ਹੈ ਅਤੇ ਇਸ ਸੰਕਟ ਦੇ ਸਮੇ ਦੌਰਾਨ ਲੋਕਾਂ ਦੀ ਸਿਹਤ ਨੂੰ ਜ਼ੋਖ਼ਮ ਵਿਚ ਪਾਉਣ ਵਾਲਿਆਂ 'ਤੇ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਇਲਾਵਾ ਸ਼ੁੱਕਰਵਾਰ ਨੂੰ ਪੁਲਸ ਵਲੋਂ ਲੰਡਨ ਵਿਚ ਵੀ ਵਿਆਹ ਸਮਾਗਮ ਵਿਚ ਭਾਰੀ ਇਕੱਠ ਕਰਨ 'ਤੇ 10,000 ਪੌਂਡ ਤੱਕ ਦੇ ਜੁਰਮਾਨੇ ਕੀਤੇ ਹਨ।


Lalita Mam

Content Editor

Related News