ਯੂਕੇ: ਤਾਮਰ ਬ੍ਰਿਜ ਨੇ ਮਨਾਈ ਆਪਣੀ 60ਵੀਂ ਵਰ੍ਹੇਗੰਢ
Tuesday, Oct 26, 2021 - 01:24 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਦੇ ਮਸ਼ਹੂਰ ਅਤੇ ਪੁਰਾਣੇ ਪੁਲਾਂ ਵਿੱਚੋਂ ਇੱਕ ਤਾਮਰ ਬ੍ਰਿਜ ਨੇ ਆਪਣੀ 60 ਵੀਂ ਵਰ੍ਹੇਗੰਢ ਮਨਾਈ ਹੈ। ਇਹ ਪੁਲ ਕਾਰਨਵਾਲ ਵਿੱਚ ਸਾਲਟਾਸ਼ ਅਤੇ ਡੇਵੋਨ ਵਿੱਚ ਪਲਿਮਥ ਨੂੰ ਜੋੜਦਾ ਹੈ ਅਤੇ ਇਸ ਨੂੰ 24 ਅਕਤੂਬਰ 1961 ਨੂੰ ਖੋਲ੍ਹਿਆ ਗਿਆ ਸੀ। ਜਨਤਕ ਮਾਲਕੀ ਵਾਲਾ, ਇਹ ਟੋਲ ਰੋਡ ਖੁੱਲ੍ਹਣ ਵੇਲੇ ਆਪਣੀ ਕਿਸਮ ਦਾ ਸਭ ਤੋਂ ਲੰਬਾ ਪੁਲ ਸੀ। ਇਸ ਪੁਲ ਦੀ ਟਾਵਰ ਤੋਂ ਟਾਵਰ ਤੱਕ ਲੰਬਾਈ 1,099 ਫੁੱਟ (335 ਮੀਟਰ) ਅਤੇ ਪੂਰੀ ਸੜਕ 2,106 ਫੁੱਟ (642 ਮੀਟਰ) ਹੈ। ਉਸ ਵੇਲੇ ਇਸ ਨੂੰ ਬਣਾਉਣ ਵਿੱਚ ਲਗਭਗ 1.8 ਮਿਲੀਅਨ ਪੌਂਡ ਦੀ ਲਾਗਤ ਆਈ ਸੀ, ਜੋ ਅੱਜ ਦੇ ਲਗਭਗ 40 ਮਿਲੀਅਨ ਪੌਂਡ ਦੇ ਬਰਾਬਰ ਹੈ। 1961 ਵਿੱਚ ਇੱਕ ਦਿਨ ਵਿੱਚ 4,000 ਵਾਹਨ ਇਸ ਪੁਲ ਦੀ ਵਰਤੋਂ ਕਰਦੇ ਸਨ ਪਰ ਪੁਲ ਉੱਪਰੋਂ ਹੁਣ ਹਰ ਸਾਲ ਲਗਭਗ 16 ਮਿਲੀਅਨ ਵਾਹਨ ਗੁਜਰਦੇ ਹਨ।
ਇਹ ਵੀ ਪੜ੍ਹੋ - ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ
ਇਸ ਪੁਲ ਦੇ ਨਿਰਮਾਣ ਦੌਰਾਨ ਸੱਤ ਆਦਮੀਆਂ ਦੀ ਮੌਤ ਵੀ ਹੋ ਗਈ ਸੀ। ਤਾਮਰ ਬ੍ਰਿਜ 'ਤੇ ਕੰਮ ਜੁਲਾਈ 1959 ਵਿੱਚ ਸ਼ੁਰੂ ਹੋਇਆ ਸੀ ਅਤੇ ਜਨਤਾ ਲਈ ਖੋਲ੍ਹਣ ਤੋਂ ਛੇ ਮਹੀਨਿਆਂ ਬਾਅਦ ਇਸਨੂੰ 26 ਅਪ੍ਰੈਲ 1962 ਨੂੰ ਮਹਾਰਾਣੀ ਮਾਂ ਦੁਆਰਾ ਅਧਿਕਾਰਤ ਤੌਰ 'ਤੇ ਖੋਲ੍ਹਿਆ ਗਿਆ ਸੀ। ਇਸਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ, ਨਿਵਾਸੀਆਂ ਨੂੰ ਵਾਹਨਾਂ ਤੋਂ ਪਹਿਲਾਂ ਤਾਮਰ ਪੁਲ ਦੇ ਪਾਰ ਚੱਲਣ ਦਾ ਮੌਕਾ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।