ਯੂ. ਕੇ. : ਸੀਵਰੇਜ ਦਾ ਪਾਣੀ ਸਮੁੰਦਰ ’ਚ ਮਿਲਾਉਣ ਵਾਲੀ ਪ੍ਰਾਈਵੇਟ ਕੰਪਨੀ ਨੂੰ ਹੋਇਆ 90 ਮਿਲੀਅਨ ਪੌਂਡ ਦਾ ਜੁਰਮਾਨਾ

Saturday, Jul 10, 2021 - 02:44 PM (IST)

ਯੂ. ਕੇ. :  ਸੀਵਰੇਜ ਦਾ ਪਾਣੀ ਸਮੁੰਦਰ ’ਚ ਮਿਲਾਉਣ ਵਾਲੀ ਪ੍ਰਾਈਵੇਟ ਕੰਪਨੀ ਨੂੰ ਹੋਇਆ 90 ਮਿਲੀਅਨ ਪੌਂਡ ਦਾ ਜੁਰਮਾਨਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਸਮੁੰਦਰ ਦੇ ਪਾਣੀ ’ਚ ਜਾਣਬੁੱਝ ਕੇ ਸੀਵਰੇਜ ਦੀ ਗੰਦਗੀ ਮਿਲਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਸਦਰਨ ਵਾਟਰ ਨੂੰ 90 ਮਿਲੀਅਨ ਪੌਂਡ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ। ਇਸ ਕੰਪਨੀ ਨੇ ਆਪਣੇ ਵਿੱਤੀ ਲਾਭਾਂ ਲਈ ਕਈ ਸਾਲਾਂ ਤੋਂ ਅਰਬਾਂ ਲੀਟਰ ਕੱਚੇ ਸੀਵਰੇਜ ਨੂੰ ਜਾਣਬੁੱਝ ਕੇ ਸਮੁੰਦਰ ’ਚ ਸੁੱਟਿਆ ਹੈ। ਇਸ ਮਾਮਲੇ ’ਚ ਜਸਟਿਸ ਜੇਰੇਮੀ ਜਾਨਸਨ ਨੇ ਨਿੱਜੀ ਪਾਣੀ ਕੰਪਨੀ ਨੂੰ ਸਜ਼ਾ ਸੁਣਾਉਂਦਿਆਂ ਦੱਸਿਆ ਕਿ ਇਸ ਨੇ ਦੇਸ਼ ਦੇ ਸਭ ਤੋਂ ਕੀਮਤੀ ਵਾਤਾਵਰਣ ’ਚ 16 ਤੋਂ 21 ਬਿਲੀਅਨ ਲੀਟਰ ਦੇ ਵਿਚਕਾਰ ਸੀਵਰੇਜ ਮਿਲਾਇਆ ਹੈ, ਜੋ ਵਾਤਾਵਰਣ, ਸਮੁੰਦਰੀ ਤੱਟਾਂ, ਮਨੁੱਖੀ ਸਿਹਤ, ਮੱਛੀ ਪਾਲਣ ਅਤੇ ਹੋਰ ਜਾਇਜ਼ ਕਾਰੋਬਾਰਾਂ ਲਈ ਖਤਰਨਾਕ ਹੈ। ਜੱਜ ਦੇ ਅਨੁਸਾਰ ਇਸ ਪ੍ਰਾਈਵੇਟ ਕੰਪਨੀ ਦਾ ਨਿਰੰਤਰ ਪ੍ਰਦੂਸ਼ਣ ਲਈ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ।

PunjabKesari

ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ

ਇੱਕ ਵਾਤਾਵਰਣ ਏਜੰਸੀ ਵੱਲੋਂ ਕੀਤੀ ਵੱਡੀ ਪੜਤਾਲ ਨੇ ਕੰਪਨੀ ਵੱਲੋਂ ਤਕਰੀਬਨ ਛੇ ਸਾਲਾਂ ਦੀ ਮਿਆਦ ’ਚ ਕੀਤੀ ਇਸ ਕਾਰਵਾਈ ਦਾ ਪਰਦਾਫਾਸ਼ ਕੀਤਾ। ਇਸ ਪ੍ਰਾਈਵੇਟ ਵਾਟਰ ਕੰਪਨੀ ‘ਸਦਰਨ ਵਾਟਰ’ ਨੇ ਆਪਣੇ ਵਿੱਤੀ ਜੁਰਮਾਨੇ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਕਾਇਮ ਰੱਖਣ ਦੀ ਲਾਗਤ ਤੋਂ ਬਚਣ ਲਈ ਤਕਰੀਬਨ ਛੇ ਸਾਲਾਂ ਤੋਂ ਜਾਣਬੁੱਝ ਕੇ ਉੱਤਰੀ ਕੈਂਟ ਅਤੇ ਹੈਂਪਸ਼ਾਇਰ ਦੇ ਸਮੁੰਦਰਾਂ ’ਚ ਨਾਜਾਇਜ਼ ਸੀਵਰੇਜ ਨੂੰ ਮਿਲਾਇਆ, ਜਦਕਿ ਕੰਪਨੀ ਨੇ ਕਿਹਾ ਹੈ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ। ਕੰਪਨੀ ਦੇ ਅਧਿਕਾਰੀਆਂ ਅਨੁਸਾਰ  2010 ਅਤੇ 2015 ਵਿਚਕਾਰ 17 ਸਾਈਟਾਂ ’ਤੇ ਮਕੈਨੀਕਲ ਅਤੇ ਟੈਕਨਾਲੋਜੀਕਲ ਨੁਕਸਾਂ ਦੇ ਨਤੀਜੇ ਵਜੋਂ ਇਹ ਮਿਲਾਵਟ ਹੋਈ ਹੈ। ਸਦਰਨ ਵਾਟਰ ਕੰਪਨੀ ਸਸੈਕਸ, ਕੈਂਟ, ਹੈਂਪਸ਼ਾਇਰ ਅਤੇ ਆਈਲ ਆਫ ਵ੍ਹਾਈਟ ਦੇ 4.7 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਵੇਸਟ ਵਾਟਰ ਅਤੇ 2.6 ਮਿਲੀਅਨ ਗਾਹਕਾਂ ਨੂੰ ਪਾਣੀ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।


author

Manoj

Content Editor

Related News