ਯੂਕੇ ਵਿਚਲਾ ਪਲਾਸਟਿਕ ਦਾ ਕੂੜਾ ਸੁੱਟਿਆ ਜਾ ਰਿਹਾ ਹੈ ਤੁਰਕੀ ''ਚ: ਗ੍ਰੀਨਪੀਸ
Monday, May 17, 2021 - 02:59 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੱਕ ਪ੍ਰਸਿੱਧ ਵਾਤਾਵਰਨ ਸੰਸਥਾ ਗ੍ਰੀਨਪੀਸ ਦੀ ਰਿਪੋਰਟ ਅਨੁਸਾਰ ਯੂਕੇ ਵਿਚਲਾ ਪਲਾਸਟਿਕ ਦਾ ਕੂੜਾ ਤੁਰਕੀ ਭੇਜਿਆ ਕੀਤਾ ਜਾ ਰਿਹਾ ਹੈ, ਜਿਸਨੂੰ ਫਿਰ ਗੈਰਕਾਨੂੰਨੀ ਤੌਰ 'ਤੇ ਸੁੱਟਿਆ ਅਤੇ ਸਾੜਿਆ ਜਾ ਰਿਹਾ ਹੈ। ਗ੍ਰੀਨਪੀਸ ਅਨੁਸਾਰ ਪਿਛਲੇ ਸਾਲ ਯੂਕੇ ਦੇ ਪਲਾਸਟਿਕ ਕੂੜੇ ਦੇ ਨਿਰਯਾਤ ਵਿਚੋਂ 40% ਜਾਂ ਤਕਰੀਬਨ 210,000 ਟਨ ਤੁਰਕੀ ਨੂੰ ਭੇਜਿਆ ਗਿਆ ਸੀ ਪਰ ਜਾਂਚਕਰਤਾਵਾਂ ਦੁਆਰਾ ਇਸ ਕੂੜੇ ਨੂੰ ਰੀਸਾਈਕਲ ਕੀਤੇ ਜਾਣ ਦੀ ਬਜਾਏ ਇਸ ਵਿੱਚੋਂ ਕੁਝ ਸੜਕਾਂ, ਖੇਤਾਂ ਅਤੇ ਜਲ ਮਾਰਗਾਂ ਵਿੱਚ ਸੁੱਟਿਆ ਹੋਇਆ ਵੇਖਿਆ ਗਿਆ।
ਗ੍ਰੀਨਪੀਸ ਦੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਕਾਰਵਾਈ ਨਾਲ ਤੁਰਕੀ ਯੂਰਪ ਦਾ ਸਭ ਤੋਂ ਵੱਡਾ ਪਲਾਸਟਿਕ ਕੂੜੇ ਦਾ ਡੰਪ ਬਣ ਰਿਹਾ ਹੈ। ਇਸ ਸੰਸਥਾ ਨੇ ਦੱਸਿਆ ਕਿ ਉਸਨੇ ਪੂਰੇ ਦੱਖਣੀ ਤੁਰਕੀ ਵਿੱਚ 10 ਥਾਵਾਂ ਦੀ ਪੜਤਾਲ ਕੀਤੀ ਸੀ ਅਤੇ ਉਨ੍ਹਾਂ ਵਿੱਚ ਯੂਕੇ ਦੀਆਂ ਸੁਪਰਮਾਰਕੀਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਤੋਂ ਪਲਾਸਟਿਕ ਬੈਗ ਅਤੇ ਪੈਕਿੰਗਾਂ ਪ੍ਰਾਪਤ ਹੋਈਆਂ ਸਨ। ਰਿਪੋਰਟ ਅਨੁਸਾਰ ਕੂੜੇ ਵਿੱਚ ਇੱਕ ਕੋਰੋਨਾ ਵਾਇਰਸ ਐਂਟੀਜੇਨ ਟੈਸਟ ਦੀ ਪੈਕਿੰਗ ਵੀ ਮਿਲੀ ਹੈ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਕੂੜਾ ਇੱਕ ਸਾਲ ਤੋਂ ਵੀ ਘੱਟ ਪੁਰਾਣਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸਮੁੰਦਰ 'ਚ ਮਿਲੀ ਸੋਨੇ ਦੀ 'ਮੁੰਦਰੀ' ਪਹਿਨੇ ਮੱਛੀ, ਲੋਕ ਹੋਏ ਹੈਰਾਨ
ਅਮਰੀਕਾ ਤੋਂ ਇਲਾਵਾ, ਯੂਕੇ ਕਿਸੇ ਵੀ ਹੋਰ ਦੇਸ਼ ਨਾਲੋਂ ਵਧੇਰੇ ਪਲਾਸਟਿਕ ਦਾ ਕੂੜਾ ਪੈਦਾ ਕਰਦਾ ਹੈ ਅਤੇ ਤੁਰਕੀ, ਮਲੇਸ਼ੀਆ ਅਤੇ ਪੋਲੈਂਡ ਨੇ ਸਾਲ 2020 ਵਿੱਚ ਯੂਕੇ ਤੋਂ ਸਭ ਤੋਂ ਵੱਧ ਪਲਾਸਟਿਕ ਕੂੜੇ ਦੀ ਬਰਾਮਦੀ ਕੀਤੀ ਹੈ। ਰਿਪੋਰਟ ਅਨੁਸਾਰ ਤੁਰਕੀ ਨੂੰ 2020 ਵਿੱਚ ਯੂਕੇ ਦੇ ਪਲਾਸਟਿਕ ਕੂੜੇ ਦੇ ਨਿਰਯਾਤ ਦਾ ਲੱਗਭਗ 40% ਪ੍ਰਾਪਤ ਹੋਇਆ ਜੋ ਕਿ ਸਾਲ 2016 ਤੋਂ 18 ਪ੍ਰਤੀਸ਼ਤ ਜਿਆਦਾ ਹੈ ਅਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਵੀ 2016 ਦੇ ਮੁਕਾਬਲੇ ਪਿਛਲੇ ਸਾਲ 20 ਗੁਣਾ ਜ਼ਿਆਦਾ ਪਲਾਸਟਿਕ ਕੂੜਾ ਤੁਰਕੀ ਨੂੰ ਭੇਜਿਆ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਅਮੀਰ ਦੇਸ਼ ਮੁੜ ਵਰਤੋਂ ਯੋਗ ਬਣਾਉਣ ਲਈ ਕੂੜਾ ਵਿਦੇਸ਼ਾਂ ਵਿੱਚ ਭੇਜਦੇ ਹਨ ਕਿਉਂਕਿ ਇੱਹ ਵਿੱਤੀ ਤੌਰ 'ਤੇ ਸਸਤਾ ਹੁੰਦਾ ਹੈ। ਪਿਛਲੇ ਸਾਲ ਮਲੇਸ਼ੀਆ ਦੇ ਵਾਤਾਵਰਣ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਨੇ ਗੈਰਕਾਨੂੰਨੀ ਢੰਗ ਨਾਲ ਆਯਾਤ ਕੀਤੇ ਪਲਾਸਟਿਕ ਕੂੜੇ ਦੇ 150 ਸਮੁੰਦਰੀ ਕੰਟੇਨਰਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਿਆ ਸੀ, ਜਿਨ੍ਹਾਂ ਵਿੱਚੋਂ 42 ਯੂਕੇ ਨਾਲ ਸਬੰਧਤ ਸਨ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਸੰਘਰਸ਼ ਜਾਰੀ, 10 ਹਜ਼ਾਰ ਭਾਰਤੀ ਬੰਕਰਾਂ 'ਚ ਰਹਿਣ ਲਈ ਮਜਬੂਰ
ਨੋਟ- ਯੂਕੇ ਵਿਚਲਾ ਪਲਾਸਟਿਕ ਦਾ ਕੂੜਾ ਸੁੱਟਿਆ ਜਾ ਰਿਹਾ ਹੈ ਤੁਰਕੀ 'ਚ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।