ਯੂਕੇ ''ਚ ਕੋਰੋਨਾਵਾਇਰਸ ਕੇਸਾਂ ਨੇ ਪਾਰ ਕੀਤਾ ਇੱਕ ਮਿਲੀਅਨ ਦਾ ਅੰਕੜਾ

Sunday, Nov 01, 2020 - 06:00 PM (IST)

ਯੂਕੇ ''ਚ ਕੋਰੋਨਾਵਾਇਰਸ ਕੇਸਾਂ ਨੇ ਪਾਰ ਕੀਤਾ ਇੱਕ ਮਿਲੀਅਨ ਦਾ ਅੰਕੜਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਕੇਸ ਰੋਜ਼ਾਨਾ ਤੇਜ਼ੀ ਨਾਲ ਵੱਧ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਯੂਕੇ ਵਿੱਚ ਕੋਰੋਨਾਵਾਇਰਸ ਦੇ ਇੱਕ ਮਿਲੀਅਨ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਕੁੱਲ ਕੇਸਾਂ ਦੀ ਗਿਣਤੀ ਵਿਚ 21,915 ਨਵੇਂ ਕੇਸ ਸ਼ਾਮਲ ਹੋਣ ਤੋਂ ਬਾਅਦ ਕੁੱਲ 1,011,660 ਲੋਕਾਂ ਦੇ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। 24 ਘੰਟੇ ਦੇ ਅੰਕੜਿਆਂ ਤੋਂ 326 ਹੋਰ ਮੌਤਾਂ ਹੋਣ ਦਾ ਖੁਲਾਸਾ ਵੀ ਹੋਇਆ ਹੈ। ਜਿਸ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਸਰਕਾਰੀ ਅੰਕੜਿਆਂ ਮੁਤਾਬਕ, ਮੌਤਾਂ ਦੀ ਸੰਖਿਆ 46,555 ਹੋ ਗਈ ਹੈ। 

PunjabKesari

ਅਸਲ 'ਚ ਦੇਸ਼ ਵਿਚ ਅਧਿਕਾਰਤ ਤੌਰ 'ਤੇ ਦਰਜ ਕੀਤੇ ਗਏ ਮਾਮਲਿਆਂ ਨਾਲੋਂ ਕਿਤੇ ਜ਼ਿਆਦਾ ਮਾਮਲੇ ਹੋ ਸਕਦੇ ਹਨ ਕਿਉਂਕਿ ਮਾਰਚ ਅਤੇ ਅਪ੍ਰੈਲ ਵਿੱਚ ਟੈਸਟਾਂ ਦੀ ਘਾਟ ਕਾਰਨ ਸੈਂਕੜੇ ਹਜ਼ਾਰਾਂ ਲੋਕਾਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ ਸੀ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਸਿਰਫ ਅੱਠ ਹੋਰ ਦੇਸ਼ਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਵਾਇਰਸ ਦੇ ਕੇਸ ਦਰਜ ਹੋਏ ਹਨ। ਅਮਰੀਕਾ ਨੇ ਸਭ ਤੋਂ ਵੱਧ ਮਾਮਲੇ ਦਰਜ਼ ਕੀਤੇ ਹਨ। ਉਸ ਤੋਂ ਬਾਅਦ ਭਾਰਤ, ਬ੍ਰਾਜ਼ੀਲ, ਰੂਸ, ਫਰਾਂਸ, ਸਪੇਨ, ਅਰਜਨਟੀਨਾ ਅਤੇ ਕੋਲੰਬੀਆ ਆਦਿ ਸ਼ਾਮਿਲ ਹਨ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਮੁੜ ਕੋਵਿਡ-19 ਦਾ ਕਹਿਰ, 297 ਮਰੀਜ਼ਾਂ ਦੀ ਮੌਤ ਤੇ 31758 ਨਵੇਂ ਕੇਸ

ਪਬਲਿਕ ਹੈਲਥ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ, ਡਾ. ਯਵੋਨ ਡੌਇਲ ਮੁਤਾਬਕ, ਹਰ ਰੋਜ਼ ਹਸਪਤਾਲ ਵਿਚ ਮਰੀਜ਼ਾਂ ਦੇ ਦਾਖਲੇ ਵਧਣ ਕਾਰਨ ਅਸੀਂ ਇਕ ਖ਼ਤਰਨਾਕ ਸਥਿਤੀ ਵਿਚ ਹਾਂ। ਇਸ ਲਈ ਵਾਇਰਸ ਨੂੰ ਕਾਬੂ ਵਿਚ ਲਿਆਉਣ ਲਈ ਲੋਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸੇ ਦੌਰਾਨ, ਵੇਲਜ਼ ਵਿਚ ਵੀ ਕੋਰੋਨਾਂ ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 50,000 ਨੂੰ ਪਾਰ ਕਰ ਗਈ ਹੈ। ਜਦਕਿ ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ ਨਤੀਜੇ ਵਜੋਂ 24 ਸਕਾਟਿਸ਼ ਲੋਕਾਂ ਦੀ ਮੌਤ ਹੋ ਗਈ ਹੈ। ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਰਿਕਾਰਡ ਪੱਧਰ 'ਤੇ ਪਹੁੰਚ ਜਾਣ ਕਰਕੇ ਅਤੇ ਇਸ ਮਹਾਮਾਰੀ ਤੇ ਕਾਬੂ ਪਾਉਣ ਲਈ ਪ੍ਰਧਾਨ ਮੰਤਰੀ ਨੇ ਵੀਰਵਾਰ ਤੋਂ ਯੂਕੇ ਵਿੱਚ ਚਾਰ ਹਫਤਿਆਂ ਦੀ ਤਾਲਾਬੰਦੀ ਦੀ ਘੋਸ਼ਣਾ ਵੀ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਭ ਤੋਂ ਵੱਧ ਸਥਾਈ ਵਸਨੀਕ ਬਣੇ ਭਾਰਤੀ ਪ੍ਰਵਾਸੀ, ਬਣਾਇਆ ਨਵਾਂ ਰਿਕਾਰਡ


author

Vandana

Content Editor

Related News