ਯੂਕੇ ਨੇ ਯਾਤਰਾ ਲਈ ''ਹਰੀ ਸੂਚੀ'' ਵਾਲੇ ਦੇਸ਼ਾਂ ਦੇ ਨਾਮ ਕੀਤੇ ਜਾਰੀ
Saturday, May 08, 2021 - 01:11 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ:) ਬਰਤਾਨਵੀ ਲੋਕਾਂ ਲਈ ਬਿਨਾਂ ਇਕਾਂਤਵਾਸ ਦੀਆਂ ਪਾਬੰਦੀਆਂ ਦੇ ਯਾਤਰਾ ਵਾਲੇ ਹਰੀ ਸੂਚੀ ਵਾਲੇ ਦੇਸ਼ਾਂ ਦੇ ਨਾਮ ਜਾਰੀ ਕੀਤੇ ਗਏ ਹਨ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਲਈ 'ਟ੍ਰੈਫਿਕ ਲਾਈਟ' ਆਧਾਰ 'ਤੇ ਕੁਝ ਚੋਣਵੇਂ ਦੇਸ਼ਾਂ ਨੂੰ ਇਸ 'ਹਰੀ ਸੂਚੀ' ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ ਮੁੱਖ ਤੌਰ 'ਤੇ ਪੁਰਤਗਾਲ, ਅਜ਼ੋਰਸ ਅਤੇ ਮਡੇਈਰਾ ਸ਼ਾਮਿਲ ਹੋਣਗੇ ਜਿੱਥੇ ਕਿ ਬਰਤਾਨਵੀ ਨਾਗਰਿਕ 17 ਮਈ ਤੋਂ ਅਜ਼ਾਦ ਤੌਰ 'ਤੇ ਆਉਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਗਿਬਰਾਲਟਰ, ਇਜ਼ਰਾਈਲ, ਆਈਸਲੈਂਡ, ਫੈਰੋ ਟਾਪੂ, ਸਿੰਗਾਪੁਰ ਅਤੇ ਬਰੂਨੇਈ ਵੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਨਾਲ ਹਰੀ ਸੂਚੀ ਵਿੱਚ ਹਨ।
ਇਸ ਦੇ ਇਲਾਵਾ ਫਾਕਲੈਂਡਜ਼, ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਆਈਲੈਂਡਜ਼, ਸੇਂਟ ਹੇਲੇਨਾ, ਅਸੈਂਸੇਨ ਆਈਲੈਂਡ ਅਤੇ ਟ੍ਰਿਸਟਨ ਡਾ ਕੂਨਹਾ ਦੇ ਦੂਰ ਦੁਰਾਡੇ ਇਲਾਕੇ ਵੀ ਸ਼ਾਮਿਲ ਹਨ। ਇਸ ਹਰੀ ਸੂਚੀ ਵਿੱਚ ਹੋਣ ਦੇ ਬਾਵਜੂਦ ਲੋਕ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਿੰਗਾਪੁਰ ਨਹੀਂ ਜਾ ਸਕਣਗੇ ਕਿਉਂਕਿ ਇਹ ਦੇਸ਼ ਬਰਤਾਨਵੀ ਸੈਲਾਨੀਆਂ ਲਈ ਬੰਦ ਹਨ। ਹਾਲਾਂਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੇ ਸਖਤ ਯਾਤਰਾ ਦੇ ਨਿਯਮਾਂ ਨੂੰ ਕਦੋਂ ਸੌਖਾ ਕਰ ਸਕਦੇ ਹਨ। ਹਰੀ ਸੂਚੀ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਵਾਪਸੀ 'ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਵਿਡ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ -ਇਟਲੀ ਸਰਕਾਰ ਨੇ ਵਧਾਈ ਯਾਤਰੀਆਂ ਦੀ ਪਾਬੰਦੀ ਮਿਆਦ, ਪ੍ਰਵਾਸੀ ਕਾਮਿਆਂ ਦੀ ਵਧੀ ਚਿੰਤਾ
ਜਦਕਿ ਲਾਲ ਸੂਚੀ ਵਾਲੇ ਯਾਤਰੀਆਂ ਲਈ ਸਖ਼ਤ ਨਿਯਮ ਹਨ। ਸਿਰਫ ਯੂਕੇ ਜਾਂ ਆਇਰਿਸ਼ ਨਾਗਰਿਕ, ਜਾਂ ਯੂਕੇ ਦੇ ਵਸਨੀਕਾਂ ਨੂੰ ਹੀ ਵਾਪਿਸ ਆਉਣ ਦੀ ਆਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਹੋਟਲ ਵਿੱਚ 10 ਦਿਨਾਂ ਦੀ ਇਕਾਂਤਵਾਸ ਦੀ ਰਿਹਾਇਸ਼ ਲਈ ਭੁਗਤਾਨ ਕਰਨਾ ਲਾਜ਼ਮੀ ਹੈ। ਇਹਨਾਂ ਦੇਸ਼ਾਂ ਤੋਂ ਵਾਪਿਸ ਆਉਣ ਵਾਲੇ ਲੋਕਾਂ ਨੂੰ ਪ੍ਰਤੀ ਯਾਤਰੀ ਲਈ 1,750 ਪੌਂਡ ਦੀ ਕੀਮਤ 'ਤੇ ਹੋਟਲ ਵਿੱਚ ਠਹਿਰਨਾ ਹੋਵੇਗਾ। ਯਾਤਰਾ ਸੰਬੰਧੀ ਦੇਸ਼ਾਂ ਨੂੰ ਉਨ੍ਹਾਂ ਦੇ ਕੋਵਿਡ ਕੇਸਾਂ ਦੀ ਗਿਣਤੀ ਅਤੇ ਟੀਕਾਕਰਨ ਦੀ ਸਫਲਤਾ ਦੇ ਅਧਾਰ 'ਤੇ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਇਸ ਟ੍ਰੈਫਿਕ ਲਾਈਟ ਪ੍ਰਣਾਲੀ ਦੀ ਹਰ ਤਿੰਨ ਹਫ਼ਤਿਆਂ ਵਿੱਚ ਸਮੀਖਿਆ ਵੀ ਕੀਤੀ ਜਾਵੇਗੀ।