ਯੂਕੇ ''ਚ 20 ਲੱਖ ਤੋਂ ਵੱਧ ਲੋਕਾਂ ਨੇ ਲਗਵਾਇਆ ਕੋਰੋਨਾ ਵਾਇਰਸ ਟੀਕਾ
Tuesday, Jan 12, 2021 - 01:32 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਸਰਕਾਰ ਦੁਆਰਾ ਤੇਜ਼ੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੇ ਯਤਨ ਜਾਰੀ ਹਨ। ਟੀਕਾਕਰਨ ਸੰਬੰਧੀ ਨਵੇਂ ਅੰਕੜਿਆਂ ਅਨੁਸਾਰ ਹੁਣ ਤੱਕ ਤਕਰੀਬਨ 2.4 ਮਿਲੀਅਨ ਲੋਕਾਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਇਆ ਗਿਆ ਹੈ। ਇਸ ਬਾਰੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਲੱਗਭਗ 20 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜਦਕਿ ਕੁੱਝ ਦੇਸ਼ ਵਾਸੀਆਂ ਨੂੰ ਇਸ ਦੀ ਦੂਜੀ ਖੁਰਾਕ ਵੀ ਮਿਲੀ ਹੈ।
ਦੇਸ਼ ਵਿੱਚ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਮੰਤਵ ਨਾਲ ਸੱਤ ਨਵੇਂ ਵੱਡੇ ਕੇਂਦਰ ਵੀ ਖੋਲ੍ਹੇ ਗਏ ਹਨ, ਜਿਹਨਾਂ ਵਿੱਚੋਂ ਬ੍ਰਿਸਟਲ ਦੇ ਐਸ਼ਟਨ ਗੇਟ ਸਟੇਡੀਅਮ ਵਿੱਚ ਇੱਕ ਟੀਕਾ ਕੇਂਦਰ ਦੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਾਨਸਨ ਨੇ ਇਹ ਜਾਣਕਾਰੀ ਦਿੱਤੀ। ਐਨ.ਐਚ.ਐਸ ਇੰਗਲੈਂਡ ਦੇ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ 10 ਜਨਵਰੀ ਤੱਕ ਕੁੱਲ 2.33 ਮਿਲੀਅਨ ਕੋਵਿਡ-19 ਟੀਕੇ ਲੱਗ ਚੁੱਕੇ ਹਨ ਅਤੇ ਇਸ ਗਿਣਤੀ ਵਿੱਚੋਂ 1.96 ਮਿਲੀਅਨ ਟੀਕੇ ਇਸ ਦੀ ਪਹਿਲੀ ਖੁਰਾਕ ਵਜੋਂ ਜਦਕਿ 374,613 ਟੀਕੇ ਦੂਜੀ ਖੁਰਾਕ ਦੇ ਰੂਪ ਵਿੱਚ ਲੱਗੇ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸੜਕ ਹਾਦਸੇ 'ਚ ਦੋ ਪੰਜਾਬੀ ਨੋਜਵਾਨਾਂ ਦੀ ਮੌਤ
ਦੇਸ਼ ਵਿੱਚ ਆਕਸਫੋਰਡ ਅਤੇ ਫਾਈਜ਼ਰ ਦੇ ਟੀਕਿਆਂ ਦੀ ਵਰਤੋਂ ਮਹਾਮਾਰੀ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਜਦਕਿ ਮਨਜ਼ੂਰਸ਼ੁਦਾ ਮੋਡਰਨਾ ਟੀਕਾ ਅਜੇ ਬਸੰਤ ਰੁੱਤ ਤੱਕ ਨਹੀਂ ਆਵੇਗਾ। ਇਸ ਟੀਕਾਕਰਨ ਮੁਹਿੰਮ 'ਚ ਤਕਰੀਬਨ 40 ਪ੍ਰਤੀਸ਼ਤ 80 ਸਾਲਾਂ ਦੇ ਬਜ਼ੁਰਗਾਂ ਨੂੰ ਅਤੇ 23 ਪ੍ਰਤੀਸ਼ਤ ਦੇਖਭਾਲ ਘਰਾਂ ਦੇ ਵਸਨੀਕਾਂ ਨੂੰ ਟੀਕਾ ਲੱਗ ਚੁੱਕਾ ਹੈ।
ਨੋਟ - ਯੂਕੇ 'ਚ 20 ਲੱਖ ਤੋਂ ਵੱਧ ਲੋਕਾਂ ਨੇ ਲਗਵਾਇਆ ਕੋਰੋਨਾ ਵਾਇਰਸ ਟੀਕਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।