ਮਿਡਲੈਂਡਜ਼ ਬਣਿਆ 10 ਲੱਖ ਲੋਕਾਂ ਨੂੰ ਵੈਕਸੀਨ ਲਗਾਉਣ ਵਾਲਾ ਯੂਕੇ ਦਾ ਪਹਿਲਾ ਖੇਤਰ

01/25/2021 1:47:19 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਸਰਕਾਰ ਨੇ ਕੋਰੋਨਾ ਖ਼ਿਲਾਫ਼ ਸ਼ੁਰੂ ਕੀਤੀ ਹੋਈ ਟੀਕਾਕਰਨ ਮੁਹਿੰਮ ਵਿੱਚ ਫਰਵਰੀ ਦੇ ਅੱਧ ਤੱਕ 15 ਮਿਲੀਅਨ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇਣ ਦਾ ਟੀਚਾ ਮਿਥਿਆ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਯੂਕੇ ਦੇ ਸਾਰੇ ਖੇਤਰਾਂ ਵਿੱਚੋਂ ਮਿਡਲੈਂਡਜ਼ ਕੋਰੋਨਾ ਵਾਇਰਸ ਵੈਕਸੀਨ ਲਗਾਉਣ ਵਿੱਚ ਸਭ ਤੋਂ ਅੱਗੇ ਹੈ। ਇੱਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇਣ ਵਾਲਾ ਇਹ ਇੰਗਲੈਂਡ ਦਾ ਪਹਿਲਾ ਖੇਤਰ ਬਣ ਗਿਆ ਹੈ। ਜਦਕਿ ਐਨ.ਐਚ.ਐਸ. ਇੰਗਲੈਂਡ ਦੇ ਨਵੇਂ ਅੰਕੜਿਆਂ ਅਨੁਸਾਰ ਦੇਸ਼ ਦੀ ਰਾਜਧਾਨੀ ਲੰਡਨ ਟੀਕਾਕਰਨ ਮੁਹਿੰਮ ਵਿੱਚ ਪਿੱਛੇ ਹੈ। 

8 ਦਸੰਬਰ ਤੋਂ ਲੈ ਕੇ ਹੁਣ ਤੱਕ ਲੱਗਭਗ 641,000 ਟੀਕੇ ਲਗਾਏ ਗਏ ਹਨ। 17 ਜਨਵਰੀ ਤੋਂ 23 ਜਨਵਰੀ ਦੇ ਵਿਚਕਾਰ, ਲੰਡਨ ਵਿਚ 219,350 ਦੇ ਮੁਕਾਬਲੇ ਮਿਡਲੈਂਡਜ਼ ਵਿੱਚ 362,976 ਟੀਕਿਆਂ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦੇ ਇਲਾਵਾ ਐਨ.ਐਚ.ਐਸ. ਇੰਗਲੈਂਡ ਅਨੁਸਾਰ 8 ਦਸੰਬਰ ਤੋਂ ਹੁਣ ਤੱਕ ਇੰਗਲੈਂਡ ਵਿਚ ਕੁੱਲ 5,970,175 ਟੀਕੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਦੇ ਨਾਲ ਦੂਜੀ ਖੁਰਾਕ ਵੀ ਸ਼ਾਮਲ ਹੈ। 

ਅੰਕੜਿਆਂ ਅਨੁਸਾਰ ਮਿਡਲੈਂਡਜ਼ ਦੇ ਬਾਅਦ ਉੱਤਰ ਪੂਰਬ ਅਤੇ ਯੌਰਕਸ਼ਾਇਰ ਵਿੱਚ ਜ਼ਿਆਦਾ ਟੀਕਾਕਰਨ ਹੋਇਆ ਹੈ, ਜਿੱਥੇ 905,794 ਟੀਕਿਆਂ ਦੀ ਪਹਿਲੀ ਖੁਰਾਕ ਅਤੇ 71,725 ਦੀ ਦੂਜੀ ਖੁਰਾਕ ਦੇਣ ਦੇ ਨਾਲ ਕੁੱਲ ਮਿਲਾ ਕੇ 977,519 ਟੀਕੇ ਲੱਗੇ ਹਨ। ਇਸ ਪ੍ਰਕਿਰਿਆ ਵਿੱਚ ਤੀਜੇ ਨੰਬਰ 'ਤੇ ਕੁੱਲ 958,189 ਖੁਰਾਕਾਂ ਨਾਲ ਦੱਖਣ ਪੂਰਬ ਹੈ। ਯੂਕੇ ਸਰਕਾਰ ਨੇ 23 ਜਨਵਰੀ ਤੱਕ  6,822,981 ਟੀਕਿਆਂ ਦੇ ਅੰਕੜੇ ਨੂੰ ਜਾਰੀ ਕੀਤਾ ਹੈ ਜਿਹਨਾਂ ਵਿੱਚੋਂ 6,353,321 ਟੀਕੇ ਦੀਆਂ ਪਹਿਲਿਆਂ ਖੁਰਾਕਾਂ ਹਨ। ਇਹਨਾਂ ਤਾਜ਼ਾ ਅੰਕੜਿਆਂ ਦੇ ਅਧਾਰ 'ਤੇ 15 ਫਰਵਰੀ ਤੱਕ ਸਰਕਾਰ ਦੇ 15 ਮਿਲੀਅਨ ਪਹਿਲੀਆਂ ਖੁਰਾਕਾਂ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਔਸਤਨ 393,031 ਟੀਕੇ ਰੋਜ਼ਾਨਾ ਲਗਾਉਣ ਦੀ ਜ਼ਰੂਰਤ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News