ਯੂਕੇ: ਬੱਚਿਆਂ ਦਾ ਕਾਤਲ ਤੇ ਬਲਾਤਕਾਰੀ ਕੋਲਿਨ ਪਿਚਫੋਰਕ ਜੇਲ੍ਹ ਤੋਂ ਰਿਹਾਅ

Thursday, Sep 02, 2021 - 02:31 PM (IST)

ਯੂਕੇ: ਬੱਚਿਆਂ ਦਾ ਕਾਤਲ ਤੇ ਬਲਾਤਕਾਰੀ ਕੋਲਿਨ ਪਿਚਫੋਰਕ ਜੇਲ੍ਹ ਤੋਂ ਰਿਹਾਅ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਬੱਚਿਆਂ ਦੇ ਕਾਤਲ ਅਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਅਪਰਾਧੀ ਨੂੰ ਬੁੱਧਵਾਰ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ। 1980 ਦੇ ਦਹਾਕੇ ਵਿੱਚ ਦੋ ਸਕੂਲੀ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਕੋਲਿਨ ਪਿਚਫੋਰਕ ਨਾਮ ਦੇ ਅਪਰਾਧੀ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਹ ਰਿਹਾਈ ਮਾਰਚ ਵਿੱਚ ਪੈਰੋਲ ਬੋਰਡ ਦੀ ਸੁਣਵਾਈ ਤੋਂ ਬਾਅਦ ਹੋਈ ਹੈ, ਜਿਸ 'ਚ ਫ਼ੈਸਲਾ ਸੁਣਾਇਆ ਗਿਆ ਸੀ ਕਿ ਉਹ ਹੁਣ ਰਿਹਾਈ ਦੇ ਯੋਗ ਹੈ। 

ਹੁਣ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਪਿਚਫੋਰਕ ਨੂੰ 1983 ਅਤੇ 1986 ਵਿੱਚ ਲੈਸਟਰਸ਼ਾਇਰ 'ਚ 15 ਸਾਲਾਂ ਲਿੰਡਾ ਮਨ ਅਤੇ ਡਾਨ ਐਸ਼ਵਰਥ ਨਾਲ ਬਲਾਤਕਾਰ ਅਤੇ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ 1988 ਵਿੱਚ ਦੋ ਕਤਲ, ਦੋ ਬਲਾਤਕਾਰ, ਦੋ ਜਿਨਸੀ ਹਮਲਿਆਂ ਦੇ ਦੋਸ਼ ਵਿੱਚ ਡੀ ਐਨ ਏ ਸਬੂਤਾਂ ਦੇ ਅਧਾਰ 'ਤੇ ਦੋਸ਼ੀ ਠਹਿਰਾਇਆ ਗਿਆ ਸੀ। ਇਸ ਰਿਹਾਈ ਲਈ ਸਰਕਾਰੀ ਚੁਣੌਤੀ ਦੇ ਬਾਵਜੂਦ ਪੈਰੋਲ ਬੋਰਡ ਨੂੰ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ। ਨਿਆਂ ਵਿਭਾਗ ਅਨੁਸਾਰ ਜਨਤਕ ਸੁਰੱਖਿਆ ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਹੈ, ਇਸੇ ਕਰਕੇ ਪਿਚਫੋਰਕ ਲਾਇਸੈਂਸ ਦੀਆਂ ਸਭ ਤੋਂ ਸਖ਼ਤ ਸ਼ਰਤਾਂ ਦੇ ਅਧੀਨ ਹੈ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਉਹ ਨਿਗਰਾਨੀ ਹੇਠ ਰਹੇਗਾ। ਇਸ ਦੌਰਾਨ ਜੇ ਉਹ ਸ਼ਰਤਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਨੂੰ ਤੁਰੰਤ ਜੇਲ੍ਹ ਵਿੱਚ ਵਾਪਸੀ ਦਾ ਸਾਹਮਣਾ ਕਰਨਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਸਕੂਲ 'ਚ ਹੋਈ ਗੋਲੀਬਾਰੀ, ਇਕ ਵਿਦਿਆਰਥੀ ਦੀ ਮੌਤ

ਅਧਿਕਾਰੀਆਂ ਅਨੁਸਾਰ ਪਿਚਫੋਰਕ ਦੀ 30 ਸਾਲਾਂ ਦੀ ਸਜਾ ਵਿੱਚ 2009 'ਚ ਦੋ ਸਾਲਾਂ ਦੀ ਕਟੌਤੀ ਕੀਤੀ ਗਈ ਸੀ। ਉਸਨੂੰ ਤਿੰਨ ਸਾਲ ਪਹਿਲਾਂ ਇੱਕ ਓਪਨ ਜੇਲ੍ਹ ਵਿੱਚ ਭੇਜਿਆ ਗਿਆ ਸੀ ਅਤੇ ਬੁੱਧਵਾਰ ਨੂੰ ਰਿਹਾਅ ਕੀਤਾ ਗਿਆ। ਪਿਚਫੋਰਕ ਹੁਣ 40 ਤੋਂ ਵੱਧ ਲਾਇਸੈਂਸ ਸ਼ਰਤਾਂ ਦੇ ਅਧੀਨ ਹੈ। ਆਮ ਤੌਰ 'ਤੇ ਜੇਲ੍ਹ ਛੱਡਣ ਵਾਲੇ ਅਪਰਾਧੀਆਂ ਲਈ ਸੱਤ ਮਿਆਰੀ ਸ਼ਰਤਾਂ ਹੁੰਦੀਆਂ ਹਨ ਪਰ ਪਿਚਫੋਰਕ ਨੂੰ ਹੋਰ 36 ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇਸ ਦੌਰਾਨ ਪਿਚਫੋਰਕ ਨੂੰ ਜਿਨਸੀ ਅਪਰਾਧੀਆਂ ਦੇ ਰਜਿਸਟਰ 'ਤੇ ਰੱਖਿਆ ਜਾਵੇਗਾ ਅਤੇ ਉਸਨੂੰ ਇੱਕ ਨਿਰਧਾਰਤ ਪਤੇ 'ਤੇ ਰਹਿਣਾ ਪਵੇਗਾ। ਪ੍ਰੋਬੇਸ਼ਨ ਦੁਆਰਾ ਉਸਦੀ ਨਿਗਰਾਨੀ ਕਰਨ ਲਈ, ਇਲੈਕਟ੍ਰਾਨਿਕ ਟੈਗ ਪਹਿਨਾਇਆ ਜਾਵੇਗਾ। ਇਸਦੇ ਇਲਾਵਾ ਪਿਚਫੋਰਕ ਨੂੰ ਹੋਰ ਕਾਨੂੰਨੀ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ।


author

Vandana

Content Editor

Related News