ਯੂਕੇ ਦੀ ਸੀਰੀਅਲ ਕਿੱਲਰ ਰੋਜ਼ ਵੈਸਟ ਨੂੰ ਜੇਲ੍ਹ ''ਚ ਲਗਾਇਆ ਗਿਆ ਕੋਰੋਨਾ ਟੀਕਾ
Sunday, Feb 14, 2021 - 03:18 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਇੱਕ ਸੀਰੀਅਲ ਕਿੱਲਰ ਬੀਬੀ ਰੋਜ਼ ਵੈਸਟ ਨੇ ਜੇਲ੍ਹ ਸਟਾਫ ਦੇ ਅੱਗੇ ਕੋਰੋਨਾ ਵਾਇਰਸ ਟੀਕਾ ਲਗਵਾਇਆ ਹੈ। ਵੈਸਟ ਨੂੰ ਕੋਰੋਨਾ ਟੀਕਾ ਉਸ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਹੋਇਆ ਲਗਾਇਆ ਗਿਆ ਹੈ, ਕਿਉਂਕਿ ਉਸ ਨੂੰ ਮੋਟਾਪਾ ਅਤੇ ਕਮਜੋਰ ਨਿਗ੍ਹਾ ਕਰਕੇ ਬਹੁਤ ਕਮਜ਼ੋਰ ਮੰਨਿਆ ਜਾਂਦਾ ਹੈ। ਇਸ 67 ਸਾਲਾ ਕੈਦੀ ਅਤੇ ਉਸ ਦੇ ਪਤੀ ਫਰੈਡ ਨੇ 1960 ਤੋਂ 1980 ਦੇ ਦਹਾਕੇ ਤੱਕ ਕਈ ਲੜਕੀਆਂ ਨੂੰ ਅਗਵਾ, ਜਿਨਸੀ ਸ਼ੋਸ਼ਣ ਅਤੇ ਕਤਲ ਕੀਤਾ ਸੀ।
ਫਰੈਡ ਵੈਸਟ ਨੇ ਕਾਫੀ ਸਮਾਂ ਪਹਿਲਾਂ ਆਪਣੀ ਸੁਣਵਾਈ ਤੋਂ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਜਦਕਿ ਰੋਜ਼ ਨੇ ਪਿਛਲੇ ਤਕਰੀਬਨ 26 ਸਾਲ ਸਲਾਖਾਂ ਪਿੱਛੇ ਬਿਤਾਏ ਹਨ। ਇਸ ਲਈ ਜੇਲ੍ਹ ਵਿੱਚ ਸਜ਼ਾ ਭੁਗਤ ਰਹੀ ਵੈਸਟ ਨੂੰ ਸ਼ੁੱਕਰਵਾਰ ਰਾਤ ਵੈਸਟ ਯੌਰਕਸ਼ਾਇਰ ਦੇ ਐਚ ਐਮ ਪੀ ਨਿਊ ਹਾਲ ਵਿਖੇ ਕੋਰੋਨਾ ਟੀਕਾ ਲਗਾਇਆ ਗਿਆ ਹੈ। ਇਸ ਟੀਕਾਕਰਨ ਲਈ ਕਈਆਂ ਨੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ ਕਿ ਵੈਸਟ ਨੂੰ ਟੀਕਾ ਲਗਾਉਣ ਲਈ ਇੰਤਜ਼ਾਰ ਨਹੀ ਕੀਤਾ ਗਿਆ। ਜਦਕਿ ਅਧਿਕਾਰੀਆਂ ਅਨੁਸਾਰ ਵੈਸਟ ਦੀ ਸਿਹਤ ਠੀਕ ਨਾ ਹੋਣ ਕਾਰਨ ਬਿਨਾਂ ਸ਼ੱਕ ਉਸ ਨੂੰ ਕੋਵਿਡ ਦੇ ਜੋਖਮ ਦਾ ਖਤਰਾ ਜ਼ਿਆਦਾ ਹੋਣ ਕਾਰਨ ਪਹਿਲ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਫਰੈਡ ਅਤੇ ਰੋਜ਼ ਵੈਸਟ ਨੇ ਗਲੋਸਟਰ ਵਿੱਚ ਉਨ੍ਹਾਂ ਦੇ ਹਾਊਸ ਆਫ਼ ਹਾੱਰਰਸ ਵਿਚ ਦਫ਼ਨਾਉਣ ਤੋਂ ਪਹਿਲਾਂ 12 ਬੀਬੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ, ਜਿਹਨਾਂ ਦੀਆਂ ਲਾਸ਼ਾਂ ਪੁਲਸ ਦੁਆਰਾ ਕੋਠੇ, ਫਰਸ਼, ਚਿਮਨੀ ਆਦਿ ਦੇ ਹੇਠਾਂ ਅਤੇ ਬਗੀਚੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸਨ।