UAE ਦਾ ਵੱਡਾ ਫ਼ੈਸਲਾ, ਲੋਕਾਂ ਨੂੰ 'ਫੇਸ ਮਾਸਕ' ਪਾਉਣ ਤੋਂ ਦਿੱਤੀ ਰਾਹਤ
Wednesday, Sep 22, 2021 - 03:03 PM (IST)
ਅਬੂ ਧਾਬੀ (ਬਿਊਰੋ): ਕੋਵਿਡ-19 ਤੋਂ ਬਚਾਅ ਲਈ ਹਰੇਕ ਦੇਸ਼ ਨੇ ਕੁਝ ਨਿਯਮ ਨਿਰਧਾਰਤ ਕੀਤੇ ਹਨ। ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ ਵਿੱਚ ਸਿਹਤ ਅਤੇ ਰੋਕਥਾਮ ਮੰਤਰਾਲੇ ਅਤੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ (NCEMA) ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਨਾਗਰਿਕਾਂ ਨੂੰ ਹੁਣ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ।
ਲੋਕਾਂ ਨੂੰ ਹੁਣ ਜਨਤਕ ਥਾਵਾਂ 'ਤੇ ਕਸਰਤ ਕਰਦੇ ਸਮੇਂ ਅਤੇ ਇਕੋ ਘਰ ਵਿਚ ਰਹਿਣ ਵਾਲੇ ਨਿਵਾਸੀਆਂ ਦੇ ਨਾਲ-ਨਾਲ ਸਮੁੰਦਰੀ ਕਿਨਾਰਿਆਂ 'ਤੇ ਅਤੇ ਖੁੱਲ੍ਹੇ ਸਵੀਮਿੰਗ ਪੂਲ ਵਿਚ ਤੈਰਦੇ ਸਮੇਂ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ।ਇਹ ਖੁੱਲ੍ਹ ਉਹਨਾਂ ਲੋਕਾਂ ਤੋਂ ਇਲਾਵਾ ਹੈ ਜੋ ਬੰਦ ਥਾਵਾਂ 'ਤੇ ਇਕੱਲੇ ਹਨ, ਜਾਂ ਜਦੋਂ ਕੋਈ ਵਾਲ ਕਟਵਾਉਣ ਲਈ ਨਾਈ ਦੀਆਂ ਦੁਕਾਨਾਂ ਅਤੇ ਚਿਹਰੇ ਦੀ ਸੁੰਦਰਤਾ ਲਈ ਬਿਊਟੀ ਪਾਰਲਰ ਜਾਂਦਾ ਹੈ। ਇਸ ਦੇ ਨਾਲ-ਨਾਲ ਡਾਕਟਰੀ ਕੇਂਦਰਾਂ ਅਤੇ ਕਲੀਨਿਕਾਂ ਵਿੱਚ ਨਿੱਜੀ ਸੇਵਾਵਾਂ ਪ੍ਰਾਪਤ ਕਰਨ ਵਾਲਿਆਂ ਅਤੇ ਇਲਾਜ ਕਰਵਾਉਣ ਵਾਲੀਆਂ ਲਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਬੰਦੀਆਂ 'ਚ ਢਿੱਲ ਦੇਣ ਮਗਰੋਂ ਨਿਊਜ਼ੀਲੈਂਡ 'ਚ 23 ਨਵੇਂ ਡੈਲਟਾ ਕੇਸ ਦਰਜ
ਸਥਾਨਕ ਅਧਿਕਾਰੀਆਂ ਨੂੰ ਵੀ ਉਨ੍ਹਾਂ ਥਾਵਾਂ ਨੂੰ ਦਰਸਾਉਣ ਲਈ ਸੰਕੇਤ ਲਗਾਉਣ ਲਈ ਕਿਹਾ ਜਾਵੇਗਾ ਜਿੱਥੇ ਫੇਸ ਮਾਸਕ ਦੀ ਬੇਨਤੀ ਨਹੀਂ ਕੀਤੀ ਜਾਏਗੀ।ਹਾਲਾਂਕਿ, ਲੋਕਾਂ ਨੂੰ ਅਜੇ ਵੀ ਦੋ ਮੀਟਰ ਦੀ ਸੁਰੱਖਿਅਤ ਸਰੀਰਕ ਦੂਰੀ ਰੱਖਣ ਦੀ ਜ਼ਰੂਰਤ ਹੋਵੇਗੀ।ਇਹ ਫ਼ੈਸਲਾ ਦੋ ਅਧਿਕਾਰੀਆਂ ਦੁਆਰਾ ਦੇਸ਼ ਵਿੱਚ ਰਜਿਸਟਰਡ ਕੋਵਿਡ-19 ਲਾਗਾਂ ਦੀ ਸੰਖਿਆ ਵਿੱਚ ਮਹੱਤਵਪੂਰਣ ਗਿਰਾਵਟ ਨੂੰ ਵੇਖਣ ਤੋਂ ਬਾਅਦ ਕੀਤਾ ਗਿਆ। MoHAP ਅਤੇ NCEMA ਨੇ ਲੋਕਾਂ ਨੂੰ ਅਜੇ ਵੀ ਗੈਰ-ਛੋਟ ਵਾਲੀਆਂ ਥਾਵਾਂ 'ਤੇ ਫੇਸ ਮਾਸਕ ਪਾਉਣ ਦੀ ਅਪੀਲ ਕੀਤੀ, ਕਿਉਂਕਿ ਸਾਰੇ ਅਧਿਐਨਾਂ ਨੇ ਪੁਸ਼ਟੀ ਕੀਤੀ ਹੈ ਕਿ ਫੇਸਮਾਸਕ ਵਾਇਰਸਾਂ ਤੋਂ ਬਚਾਅ ਦੇ ਸਭ ਤੋਂ ਮਹੱਤਵਪੂਰਨ ਸਾਧਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਸਮਾਜ ਦੇ ਸਾਰੇ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮਾਜਿਕ ਜ਼ਿੰਮੇਵਾਰੀ ਸੰਭਾਲਣ ਲਈ ਸਬੰਧਤ ਅਧਿਕਾਰੀਆਂ ਦੁਆਰਾ ਨਿਰਧਾਰਤ ਸਾਵਧਾਨੀ ਉਪਾਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।