ਯੂ.ਏ.ਈ. 'ਚ ਕੋਰੋਨਾ ਕਾਰਨ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਈ ਇਹ ਵਕੀਲ

06/27/2020 5:08:19 PM

ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.ਏ.) ਵਿਚ ਰਹਿਣ ਵਾਲੀ ਇਕ ਭਾਰਤੀ ਵਕੀਲ ਬੀਬੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਫਸੇ ਅਤੇ ਨੌਕਰੀ ਗਵਾ ਚੁੱਕੇ ਕਰੀਬ 2,000 ਹਮਵਤਨਾਂ ਦੀ ਵਾਪਸੀ ਲਈ ਜ਼ਰੂਰੀ ਕਾਨੂੰਨੀ ਕਾਗਜ਼ੀ ਪ੍ਰਕਿਰਿਆ ਨੂੰ ਮੁਫ਼ਤ ਵਿਚ ਕਰਵਾ ਕੇ ਮਦਦ ਕਰ ਰਹੀ ਹੈ। ਸਥਾਨਕ ਮੀਡੀਆ ਵਿਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ 41 ਸਾਲਾ ਸ਼ੀਲਾ ਥਾਮਸ ਕੋਵਿਡ-19 ਦੀ ਵਜ੍ਹਾ ਨਾਲ ਨੌਕਰੀ ਗਵਾ ਚੁੱਕੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਰੀਬ 2,200 ਕਾਮਿਆਂ ਦੀ ਆਪਣੇ ਦੇਸ਼ ਵਾਪਸੀ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਵਿਚ ਮਦਦ ਕਰ ਰਹੀ ਹੈ।

ਗਲਫ ਨਿਊਜ਼ ਨੂੰ ਥਾਮਸ ਨੇ ਕਿਹਾ, 'ਇਨ੍ਹਾਂ ਭਾਰਤੀਆਂ ਨੂੰ ਆਪਣੇ ਦੇਸ਼ ਜਾਣ ਲਈ ਕਾਗਜ਼ੀ ਪ੍ਰਕਿਰਿਆ ਪੂਰੀ ਕਰਨਾ ਲਾਜ਼ਮੀ ਹੈ, ਕਿਉਂਕਿ ਕਈ ਲੋਕਾਂ ਦੀ ਵੀਜ਼ਾ ਮਿਆਦ ਖ਼ਤਮ ਹੋ ਗਈ ਹੈ ਜਦੋਂ ਕਿ ਕਈ ਲੋਕਾਂ ਦੇ ਪਾਸਪੋਰਟ ਮਾਲਕਾਂ ਕੋਲ ਹਨ ਅਤੇ ਉਹ ਵੱਖ-ਵੱਖ ਕਾਰਨਾਂ ਤੋਂ ਇਨ੍ਹਾਂ ਨੂੰ ਨਹੀਂ ਦੇ ਰਹੇ ਹਨ। ਮੈਂ ਇਨ੍ਹਾਂ ਪਰੇਸ਼ਾਨੀਆਂ ਦੇ ਹੱਲ ਦੀ ਜ਼ਿੰਮੇਦਾਰੀ ਨਿਭਾ ਰਹੀ ਹਾਂ।' ਜ਼ਿਕਰਯੋਗ ਹੈ ਕਿ ਥਾਮਸ ਯੂ.ਏ.ਈ. ਵਿਚ ਪਿਛਲੇ 25 ਸਾਲਾਂ ਤੋਂ ਰਹਿ ਰਹੀ ਹੈ ਅਤੇ ਉਹ ਮੁਫ਼ਤ ਆਧਾਰ 'ਤੇ ਇਹ ਕਾਰਜ ਕਰ ਰਹੀ ਹੈ। ਉਹ ਮੂਲ ਰੂਪ ਤੋਂ ਕੇਰਲ ਦੀ ਰਹਿਣ ਵਾਲੀ ਹੈ ਪਰ ਉਨ੍ਹਾਂ ਦੀ ਪਰਵਰਿਸ਼ ਹੈਦਰਾਬਾਦ ਵਿਚ ਹੋਈ।

ਉਨ੍ਹਾਂ ਕਿਹਾ, 'ਮੇਰਾ ਮੋਬਾਇਲ ਨੰਬਰ ਵਾਇਰਲ ਹੋ ਗਿਆ ਹੈ। ਮੈਨੂੰ ਲਗਾਤਾਰ ਮਦਦ ਲਈ ਫਸੇ ਹੋਏ ਭਾਰਤੀਆਂ ਦੇ ਫੋਨ ਆ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਇਨਕਾਰ ਨਹੀਂ ਕਰ ਸਕਦੀ।' ਆਪਣੇ ਕੰਮ ਦੇ ਬਾਰੇ ਵਿਚ ਥਾਮਸ ਨੇ ਦੱਸਿਆ ਕਿ ਉਹ ਵਰਕਰਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਮਾਲਕਾਂ ਨਾਲ ਉਨ੍ਹਾਂ ਦੇ ਦਸਤਾਵੇਜ਼ ਅਤੇ ਪਾਸਪੋਰਟ ਵਾਪਸ ਕਰਨ ਲਈ ਗੱਲ ਕਰਦੀ ਹੈ ਤਾਂ ਕਿ ਉਹ ਆਪਣੇ ਘਰ ਜਾ ਸਕਣ। ਕਾਗਜ਼ੀ ਪ੍ਰਕਿਰਿਆ ਦਰੁਸਤ ਕਰਵਾਉਂਦੀ ਹੈ ਤਾਂਕਿ ਉਨ੍ਹਾਂ ਨੂੰ ਜਹਾਜ਼ ਵਿਚ ਸਵਾਰ ਹੋਣ ਦੌਰਾਨ ਕੋਈ ਪਰੇਸ਼ਾਨੀ ਨਾ ਹੋਵੇ। ਥਾਮਸ ਨੇ ਕਿਹਾ, 'ਇਹ ਉਹ ਜ਼ਮੀਨ ਹੈ ਜਿਸ ਨੇ ਮੈਨੂੰ ਬਹੁਤ ਕੁੱਝ ਦਿੱਤਾ ਅਤੇ ਹੁਣ ਯੂ.ਏ.ਈ. ਅਤੇ ਇਸ ਦੇ ਲੋਕਾਂ ਨੂੰ ਕੁੱਝ ਵਾਪਸ ਕਰਨ ਦਾ ਸਮਾਂ ਹੈ। ਇਹ ਲੋਕ ਯੂ.ਏ.ਈ. ਦੇ ਹਨ ਅਤੇ ਹੁਣ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ।' ਗਲਫ ਨਿਊਜ਼ ਮੁਤਾਬਕ ਥਾਮਸ ਰੋਜ਼ਾਨਾ 300 ਲੋਕਾਂ ਦੇ ਭੋਜਨ ਦੀ ਵਿਵਸਥਾ ਵੀ ਕਰ ਰਹੀ ਹੈ।


cherry

Content Editor

Related News