ਕੋਰੋਨਾਵਾਇਰਸ: UAE ਨੇ ਈਰਾਨ ਆਉਣ-ਜਾਣ ਵਾਲੀਆਂ ਫਲਾਈਟਾਂ ''ਤੇ ਲਾਈ ਰੋਕ
Tuesday, Feb 25, 2020 - 07:26 PM (IST)

ਦੁਬਈ- ਸੰਯੁਕਤ ਅਰਬ ਅਮੀਰਾਤ ਨੇ ਕੋਰੋਨਾਵਾਇਰਸ ਫੈਲਣ ਦੇ ਮੱਦੇਨਜ਼ਰ ਈਰਾਨ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ। ਇਕ ਦਿਨ ਪਹਿਲਾਂ ਹੀ ਕੋਰੋਨਾਵਾਇਰਸ ਦੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਫੈਲਣ ਦਾ ਐਲਾਨ ਕੀਤਾ ਗਿਆ ਸੀ। ਈਰਾਨ ਦੇ 8 ਕਰੋੜ ਲੋਕਾਂ ਦੇ ਲਈ ਯੂ.ਏ.ਈ. ਇਕ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਰਸਤਾ ਹੈ।
ਯੂਏਈ ਵਿਚ ਦੋ ਹਵਾਈ ਕੰਪਨੀਆਂ ਇਮੇਰਾਤ ਤੇ ਐਤਿਹਾਦ ਹਨ, ਜੋ ਲੰਬੀ ਦੂਰੀ ਦੀਆਂ ਉਡਾਣਾਂ ਸੰਚਾਲਿਤ ਕਰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਉਡਾਣ 'ਤੇ ਰੋਕ ਘੱਟੋ-ਘੱਟ ਇਕ ਹਫਤੇ ਲਈ ਰਹੇਗੀ। ਇਹ ਈਰਾਨ ਵਿਚ ਇਸ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਵਧਦੀ ਚਿੰਤਾ ਨੂੰ ਦਿਖਾਉਂਦਾ ਹੈ। ਇਹ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਵਾਇਰਸ ਦਾ ਪ੍ਰਸਾਰ ਉਸ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ, ਜਿੰਨਾਂ ਕਿ ਅਧਿਕਾਰੀ ਸਵਿਕਾਰ ਕਰ ਰਹੇ ਹਨ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਵਲੋਂ ਉਥੇ ਉਡਾਣਾਂ 'ਤੇ ਪਾਬੰਦੀ ਰਹਿਣ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਇਮੇਰਾਤ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਸਰਕਾਰੀ ਨਿਊਜ਼ ਏਜੰਸੀ ਡਬਲਿਊ.ਏ.ਐਮ. ਦੇ ਰਾਹੀਂ ਇਹ ਐਲਾਨ ਕੀਤਾ।