ਯੂ. ਏ. ਈ. ਦੇ ਅੰਬੈਸਡਰ ਨੇ ਯੂ. ਐੱਸ. ਦੀ ਅੰਬੈਸੀ ''ਚ ਮਨਾਇਆ ਰਮਜ਼ਾਨ ਦਾ ਮਹੀਨਾ

05/16/2019 1:17:02 PM

ਵਾਸ਼ਿੰਗਟਨ, (ਰਾਜ ਗੋਗਨਾ)— ਹਰ ਸਾਲ ਦੀ ਤਰ੍ਹਾਂ ਬੀਤੇ ਦਿਨ ਵੀ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰ ਹੀ ਯੂ .ਏ. ਈ ( ਦੁਬਈ) ਦੀ ਅੰਬੈਸੀ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਯੂ. ਏ .ਈ. ਦੇ ਅੰਬੈਸਡਰ ਯੂਸਫ਼ ਅਲ਼ ਅੋਤਾਇਬਾ ਵੱਲੋਂ ਸਾਰੇ ਧਰਮਾਂ ਅਤੇ ਵਰਗਾਂ ਦੇ ਨਾਲ ਸਿੱਖ ਧਰਮ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਮਾਣ ਦੇਣ ਲਈ ਗਿਆਨੀ ਸੁਰਿੰਦਰ ਸਿੰਘ ਜੰਮੂਵਾਲੇ ਉਨ੍ਹਾਂ ਦੇ ਸੱਪੁਤਰ ਗਗਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਫਲੋਰਾ ਨੂੰ ਖ਼ਾਸ ਤੌਰ 'ਤੇ ਸੱਦੇ ਰਾਹੀਂ ਬੁਲਾਇਆ ਗਿਆ । 
ਰਾਜਦੂਤ ਯੂਸਫ਼ ਅਲ਼ ਔਤਾਇਬਾ ਨੇ ਇਕੱਲੇ-ਇਕੱਲੇ ਮਹਿਮਾਨ ਨੂੰ ਆਪਣੇ ਗਲੇ ਨਾਲ ਲਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ । ਅਮਰੀਕਾ ਦੇ ਕੋਨੇ-ਕੋਨੇ ਤੋਂ ਆਏ ਮਹਿਮਾਨਾਂ ਨੂੰ 'ਜੀ ਆਇਆ' ਕਹਿਣ ਉਪਰੰਤ ਇਮਾਮ ਨੇ ਆਜ਼ਾਨ ਦਿੱਤੀ ਅਤੇ ਸਰਬ ਧਰਮ ਅਤੇ ਕੁੱਲ ਇਨਸਾਨੀਅਤ ਲਈ ਵੀ ਅਰਦਾਸ ਕੀਤੀ। ਸਭ ਧਰਮਾਂ ਦੇ ਮਹਿਮਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਹਰੇਕ ਕਿਸਮ ਦੇ ਲਾਜ਼ੀਜ਼ ਖਾਣਿਆਂ ਦਾ ਅਰਬ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ।

ਮਾਸਾਹਾਰੀ ਮਹਿਮਾਨਾਂ ਲਈ ਮਾਸਾਹਾਰੀ ਅਤੇ ਸ਼ਾਕਾਹਾਰੀ ਮਹਿਮਾਨਾਂ ਲਈ ਸ਼ਾਕਾਹਾਰੀ ਖਾਣੇ ਸਜਾਏ ਗਏ ਸਨ। ਖਾਣੇ ਉਪਰੰਤ ਯੂਸਫ਼ ਅਲ ਅੋਤਾਇਬਾ ਨੇ ਸੰਯੁਕਤ ਅਰਬ ਰਾਸ਼ਟਰ ਦੇ ਰਾਸ਼ਟਰਪਤੀ ਵੱਲੋਂ ਦੁਨੀਆ ਦੇ ਸਾਰੇ ਧਰਮਾਂ ਲਈ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਸਹਿਣਸ਼ੀਲਤਾ ਨਾਲ ਮਨਾਉਣ ਦਾ ਸੱਦਾ ਪੱਤਰ ਵੀ ਪੜ੍ਹ ਕੇ ਸੁਣਾਇਆ । ਉਨ੍ਹਾਂ ਕਿਹਾ ਕਿ ਨਫ਼ਰਤ ਲਈ ਸੰਯੁਕਤ ਅਰਬ ਅਮੀਰਾਤ ( ਯੂ ਏ ਈ ) ਵਿੱਚ ਕੋਈ ਥਾਂ ਨਹੀਂ ਹੈ । ਯੂ. ਏ. ਈ. ਮੁਲਕ ਵਿੱਚ ਦੁਨੀਆ ਦੇ ਹਰ ਬਸ਼ਿੰਦੇ ਅਤੇ ਹਰ ਧਰਮ ਨੂੰ ਸੰਪੂਰਨ ਅਜ਼ਾਦੀ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਖ਼ਲੀਫ਼ਾ ਬਿਨ ਜ਼ਏਦ ਅਲ ਨਹਯਾਨ ਆਪ ਜਾਤੀ ਤੌਰ 'ਤੇ ਇੱਕ ਰੱਬ ਅਤੇ ਸਰਬ ਧਰਮਾਂ ਰਾਹੀਂ ਇਨਸਾਨੀਅਤ ਦੀ ਪ੍ਰੋੜ੍ਹਤਾ ਕਰਦੇ ਹਨ । ਜਿਸ ਦੀ ਮਿਸਾਲ ਆਬੂ ਧਾਬੀ ਵਿੱਚ ਯਾਹੂਦੀ ਟੈਂਪਲ ,ਦੁਬਈ ਵਿੱਚ ਹਿੰਦੂ ਮੰਦਰ ਅਤੇ ਅਨੇਕਾਂ ਚਰਚਾਂ ਸਾਰੇ ਸੰਯੁਕਤ ਅਰਬ ਰਾਸ਼ਟਰ ਦੀ ਸ਼ਾਨ ਵਿੱਚ ਵਾਧਾ ਕਰ ਰਹੀਆਂ ਹਨ।
 

PunjabKesari

ਪ੍ਰੋਗਰਾਮ ਦੇ ਅਖੀਰ 'ਚ ਯੂਸਫ਼ ਅਲ ਅੋਤਾਇਬਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਮਹਿਮਾਨਾਂ ਨੂੰ ਸੰਯੁਕਤ ਅਰਬ ਰਾਸ਼ਟਰ ਵਿੱਚੋਂ ਲਿਆਂਦੀਆਂ ਖ਼ਾਸ ਖ਼ਜੂਰਾਂ ਦੇ ਡੱਬੇ ਦਿੱਤੇ। ਇਸ ਦੇ ਨਾਲ ਹੀ ਯੂ. ਏ. ਈ. 'ਚ ਪ੍ਰਫੁੱਲਤ ਹੋ ਰਹੇ ਸਾਰੇ ਧਰਮਾਂ ਬਾਰੇ ਜਾਣਕਾਰੀ ਭਰਪੂਰ ਕਿਤਾਬ 'ਸਹਿਣਸ਼ੀਲਤਾ ਦਾ ਜਸ਼ਨ' ਤੋਹਫ਼ੇ ਵਜੋਂ ਦਿੱਤੀ। ਸਾਰੇ ਮਹਿਮਾਨਾਂ ਨੂੰ ਗਲੇ ਲਗਾ ਕੇ ਸ਼ੁੱਭ ਕਾਮਨਾਵਾਂ ਨਾਲ ਯੂਸਫ਼ ਅਲ ਔਤਾਇਬਾ ਨੇ ਭਾਵਨਾ ਭਰਪੂਰ ਵਿਦਾਇਗੀ ਦਿੱਤੀ । ਯੂਸਫ਼ ਅਲ ਅੋਤਾਇਬਾ ਨੇ ਗਿਆਨੀ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਅਤੇ ਗਗਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਫਲੌਰਾ ਨਾਲ ਦੁਬਾਰਾ ਫਿਰ ਮੁਲਾਕਾਤ ਦੇ ਵਾਅਦੇ ਨਾਲ ਧੰਨਵਾਦ ਸਹਿਤ ਵਿਦਾਇਗੀ ਦਿੱਤੀ ।


Related News