ਦੁਬਈ : ''ਨਿੰਬੂਆਂ'' ''ਚ ਲੁਕੋ ਕੇ ਲਿਜਾਏ ਜਾ ਰਹੇ 1 ਅਰਬ ਰੁਪਏ ਦੇ ''ਨਸ਼ੀਲੇ ਪਦਾਰਥ'' ਬਰਾਮਦ
Friday, Dec 24, 2021 - 05:34 PM (IST)
ਦੁਬਈ (ਬਿਊਰੋ): ਨਸ਼ੀਲੇ ਪਦਾਰਥਾਂ ਦੀ ਤਸਕਰੀ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ। ਇਸ ਤਸਕਰੀ ਨੂੰ ਰੋਕਣ ਲਈ ਸਾਰੇ ਦੇਸ਼ ਲਗਾਤਾਰ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਦੇ ਹਨ ਪਰ ਨਸ਼ਾ ਤਸਕਰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅਜੀਬੋ-ਗਰੀਬ ਢੰਗ ਲੱਭ ਲੈਂਦੇ ਹਨ। ਤਾਜ਼ਾ ਮਾਮਲਾ ਸੰਯੁਕਤ ਅਰਬ ਅਮੀਰਾਤ ਦਾ ਹੈ ਜਿੱਥੇ ਪੁਲਸ ਅਧਿਕਾਰੀਆਂ ਨੇ ‘ਨਿੰਬੂਆਂ ਵਿੱਚੋਂ ਨਸ਼ੀਲੇ ਪਦਾਰਥ’ ਬਰਾਮਦ ਕੀਤੇ ਹਨ। ਵੀਰਵਾਰ ਨੂੰ ਦੁਬਈ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ "ਅਰਬ ਨਾਗਰਿਕਤਾ" ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਪਲਾਸਟਿਕ ਦੇ ਨਿੰਬੂਆਂ ਵਿੱਚ ਲੁਕੋ ਕੇ ਲੱਖਾਂ ਡਾਲਰ ਮੁੱਲ ਦੀਆਂ ਕੈਪਟਾਗਨ ਗੋਲੀਆਂ ਦੀ ਯੂਏਈ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੈਪਟਾਗਨ ਇੱਕ ਐਮਫੇਟਾਮਾਈਨ ਕਿਸਮ ਦੀ ਡਰੱਗ ਹੈ ਜੋ ਜ਼ਿਆਦਾਤਰ ਲੇਬਨਾਨ ਅਤੇ ਸੰਭਾਵਤ ਤੌਰ 'ਤੇ ਇਰਾਕ ਅਤੇ ਸੀਰੀਆ ਵਿੱਚ ਬਣਾਈ ਜਾਂਦੀ ਹੈ। ਇਸ ਦਾ ਜ਼ਿਆਦਾਤਰ ਹਿੱਸਾ ਤਸਕਰੀ ਰਾਹੀਂ ਸਾਊਦੀ ਅਰਬ ਲਿਆਂਦਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 15.8 ਮਿਲੀਅਨ ਡਾਲਰ (1 ਅਰਬ 18 ਕਰੋੜ ਰੁਪਏ ਤੋਂ ਵੱਧ) ਹੈ। ਸੂਤਰਾਂ ਨੇ ਇਸ ਤਸਕਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਪੁਲਸ ਮੇਜਰ ਜਨਰਲ ਖਲੀਲ ਇਬਰਾਹਿਮ ਅਲ ਮਨਸੂਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਕੰਟੇਨਰ ਨੇ ਅੰਦਰ ਮਿਲੇ ਨਿੰਬੂਆਂ ਦੇ 3,840 ਡੱਬੇ
ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ ਕੁੱਲ 1,160,500 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਮਨਸੂਰੀ ਨੇ ਕਿਹਾ ਕਿ ਗੈਰ-ਕਾਨੂੰਨੀ ਗੋਲੀਆਂ ਫਰਿੱਜ ਵਾਲੇ ਕੰਟੇਨਰ ਦੇ ਅੰਦਰ 'ਨਕਲੀ ਨਿੰਬੂਆਂ' ਵਿਚ ਲੁਕੋਈਆਂ ਗਈਆਂ ਸਨ। ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀ "ਇੱਕ ਹੀ ਅਰਬ ਦੇਸ਼ ਦੇ ਨਾਗਰਿਕ" ਹਨ ਅਤੇ ਯੂਏਈ ਦੇ ਨਿਵਾਸੀ ਹਨ। ਪੁਲਸ ਨੇ ਦੱਸਿਆ ਕਿ ਫਰਿੱਜ ਵਿੱਚ ਰੱਖੇ ਡੱਬਿਆਂ ਵਿੱਚ ਨਿੰਬੂ ਦੇ 3,840 ਡੱਬੇ ਸਨ, ਜਿਨ੍ਹਾਂ ਵਿੱਚੋਂ 66 ਡੱਬਿਆਂ ਵਿੱਚ ਨਕਲੀ ਨਿੰਬੂ ਅਤੇ ਨਸ਼ੀਲੇ ਪਦਾਰਥ ਸਨ।
In an operation dubbed “66”, the #DubaiPolice uncovers AED 58 million worth of captagon pills hidden in lemon shipment. pic.twitter.com/OU6Efvv2iY
— Dubai Policeشرطة دبي (@DubaiPoliceHQ) December 23, 2021
ਪੁਲਸ ਨੇ ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਲੇਬਨਾਨੀ ਚਿੰਨ੍ਹਾਂ ਵਾਲਾ ਇੱਕ ਬਕਸਾ ਦਿਖਾਇਆ ਗਿਆ ਹੈ। ਲੇਬਨਾਨ ਅਕਸਰ ਖਾੜੀ ਦੇਸ਼ਾਂ ਦੇ ਨਿਸ਼ਾਨੇ 'ਤੇ ਰਿਹਾ ਹੈ ਕਿਉਂਕਿ ਉਹ ਨਸ਼ਿਆਂ ਵਿਰੁੱਧ ਲੜਾਈ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ, ਖਾਸ ਕਰਕੇ ਕੈਪਟਾਗਨ ਗੋਲੀ ਦੇ ਸਬੰਧ ਵਿਚ। ਅਪ੍ਰੈਲ ਵਿੱਚ ਸਾਊਦੀ ਅਰਬ ਨੇ ਘੋਸ਼ਣਾ ਕੀਤੀ ਸੀ ਕਿ ਉਹ ਫਲਾਂ ਤੋਂ 5 ਮਿਲੀਅਨ ਤੋਂ ਵੱਧ ਕੈਪਟਾਗਨ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਲੇਬਨਾਨੀ ਫਲਾਂ ਅਤੇ ਸਬਜ਼ੀਆਂ ਦੀ ਦਰਾਮਦ ਨੂੰ ਮੁਅੱਤਲ ਕਰ ਦੇਵੇਗਾ।