ਛੋਟੂ ਗੈਂਗ ਨੇ ਅਗਵਾ ਕੀਤੇ ਦੋ ਪੁਲਸ ਕਰਮਚਾਰੀ, PAK ਸਰਕਾਰ ਨੂੰ ਦਿੱਤੀ ਇਹ ਚੇਤਾਵਨੀ
Friday, Jun 04, 2021 - 01:10 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਲਾਹੌਰ ਦੇ ਛੋਟੂ ਗੈਂਗ ਨੇ ਪੁਲਸ ਦੇ ਦੋ ਕਰਮਚਾਰੀਆਂ ਨੂੰ ਅਗਵਾ ਕਰ ਕੇ ਸਰਕਾਰ ਨੂੰ ਸ਼ਰਤ ਰੱਖੀ ਹੈ ਕਿ ਜੇ ਉਹ ਆਪਣੇ ਕਰਮਚਾਰੀਆਂ ਨੂੰ ਜਿਊਂਦਾ ਵਾਪਸ ਚਾਹੁੰਦਾ ਹੈ, ਉਨ੍ਹਾਂ ਦੇ ਗੈਂਗ ਲੀਡਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਜਿਸ ਨੂੰ ਜੇਲ ’ਚ ਵੱਖ-ਵੱਖ ਕੇਸਾਂ ਦੇ ਅਧੀਨ ਆਈ. ਐੱਸ. ਆਈ. ਨੇ ਹੀ ਬੰਦ ਕੀਤਾ ਹੋਇਆ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਫੌਜ ਖਿਲਾਫ ਬੋਲਣ ਵਾਲੇ ਨੇਤਾਵਾਂ, ਪੱਤਰਕਾਰਾਂ ਤੇ ਹੋਰ ਲੋਕਾਂ ਦੀ ਹੱਤਿਆ ਕਰਵਾਉਣ ਲਈ ਗੁਲਾਮ ਰਸੂਲ ਛੋਟੂ ਦੀ ਅਗਵਾਈ ’ਚ ਗੈਂਗ ਬਣਾਈ ਹੋਈ ਸੀ।
ਗੁਲਾਮ ਰਸੂਲ ਛੋਟੂ ਲੰਮੇ ਸਮੇਂ ਤੋਂ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਜਿਥੇ ਹੱਤਿਆਵਾਂ ਕਰਦਾ ਰਿਹਾ, ਉਥੇ ਹੀ ਭਾਰਤ ’ਚ ਹੈਰੋਇਨ ਭੇਜਣ ਦਾ ਧੰਦਾ ਵੀ ਕਰਦਾ ਰਿਹਾ ਪਰ ਕੁਝ ਸਮੇਂ ਤੋਂ ਛੋਟੂ ਨੇ ਆਈ. ਐੱਸ. ਆਈ. ਦੇ ਕਹਿਣ ’ਤੇ ਹੱਤਿਆਵਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ’ਤੇ ਪਾਕਿਸਤਾਨੀ ਫੌਜ ਨੇ ਉਸ ਨੂੰ ਬੀਤੇ ਸਮੇਂ ’ਚ ਗ੍ਰਿਫਤਾਰ ਕਰ ਕੇ ਅਣਪਛਾਤੇ ਸਥਾਨ ’ਤੇ ਰੱਖਿਆ ਹੋਇਆ ਹੈ। ਆਪਣੇ ਗੈਂਗ ਲੀਡਰ ਨੂੰ ਛੁਡਾਉਣ ਲਈ ਉਸ ਦੇ ਸਾਥੀਆਂ ਨੇ ਬੀਤੇ ਦਿਨ ਲਾਹੌਰ ਦੇ ਬਾਹਰੀ ਕੱਚਾ ਈਲਾ ਤੋਂ ਗਸ਼ਤ ਕਰ ਰਹੇ ਪੁਲਸ ਕਰਮਚਾਰੀਆਂ ਨੂੰ ਅਗਵਾ ਕਰ ਕੇ ਆਪਣੇ ਗੈਂਗ ਲੀਡਰ ਛੋਟੂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ ਹੈ ਪਰ ਦੂਜੇ ਪਾਸੇ ਫੌਜ ਦਾ ਕਹਿਣਾ ਹੈ ਕਿ ਛੋਟੂ ਨੂੰ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਇਸ ਲਈ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਫੌਜ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹ ਗਲਤ ਹੈ ਕਿ ਆਈ. ਐੱਸ. ਆਈ. ਛੋਟੂ ਨੂੰ ਆਪਣੇ ਹਿੱਤਾਂ ਲਈ ਵਰਤਦੀ ਸੀ।