ਮੈਕਸੀਕੋ ਦੀ ਖਾੜੀ ''ਚ ਜਹਾਜ਼ ਹਾਦਸੇ ''ਚ 2 ਲੋਕਾਂ ਦੀ ਮੌਤ, ਇੱਕ ਲਾਪਤਾ
Monday, Dec 05, 2022 - 04:17 PM (IST)
ਵੇਨਿਸ (ਭਾਸ਼ਾ) : ਫਲੋਰੀਡਾ ਤੱਟ ਦੇ ਨੇੜੇ ਮੈਕਸੀਕੋ ਦੀ ਖਾੜੀ ਵਿਚ ਸ਼ਨੀਵਾਰ ਰਾਤ ਇਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਹੋਰ ਲਾਪਤਾ ਹੋ ਗਿਆ। ਪ੍ਰਸ਼ਾਸਨ ਜਹਾਜ਼ ਵਿਚ ਸਵਾਰ ਤੀਜੇ ਲਾਪਤਾ ਵਿਅਕਤੀ ਦੀ ਭਾਲ ਕਰ ਰਿਹਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫੈੱਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਵੱਲੋਂ ਵੇਨਿਸ ਮਿਊਂਸਪਲ ਏਅਰਪੋਰਟ 'ਤੇ ਇੱਕ ਜਹਾਜ਼ (ਇੰਜਣ ਪਾਈਪਰ ਚੈਰੋਕੀ) ਦੇ ਬਾਰੇ ਵਿਚ ਸੰਕੇਤ ਨਾ ਮਿਲਣ 'ਤੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਫਲੋਰੀਡਾ ਦੇ ਵੇਨਿਸ ਵਿੱਚ ਅਧਿਕਾਰੀਆਂ ਨੇ ਐਤਵਾਰ ਸਵੇਰੇ 10 ਵਜੇ ਤੋਂ ਬਾਅਦ ਖੋਜ ਸ਼ੁਰੂ ਕੀਤੀ।
ਜਹਾਜ਼ ਫਲੋਰੀਡਾ ਦੇ ਸੇਂਟ ਪੀਟਰਸਬਰਗ ਸਥਿਤ ਆਪਣੇ ਅਸਲ ਹਵਾਈ ਅੱਡੇ 'ਤੇ ਵਾਪਸ ਨਹੀਂ ਆਇਆ ਸੀ। ਵੇਨਿਸ ਸ਼ਹਿਰ ਦੇ ਬੁਲਾਰੇ ਲੋਰੇਨ ਐਂਡਰਸਨ ਨੇ ਕਿਹਾ ਕਿ ਉਸੇ ਸਮੇਂ, ਕੁਝ ਲੋਕਾਂ ਨੂੰ ਵੇਨਿਸ ਬੀਚ ਤੋਂ ਲਗਭਗ 2.5 ਮੀਲ (4 ਕਿਲੋਮੀਟਰ) ਪੱਛਮ ਵਿੱਚ ਇੱਕ ਔਰਤ ਦੀ ਲਾਸ਼ ਤੈਰਦੀ ਹੋਈ ਮਿਲੀ। ਐਂਡਰਸਨ ਨੇ ਕਿਹਾ ਕਿ ਸਾਰਾਸੋਟਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਗੋਤਾਖੋਰਾਂ ਨੇ ਦੁਪਹਿਰ 2 ਵਜੇ ਦੇ ਕਰੀਬ ਵੇਨਿਸ ਹਵਾਈ ਅੱਡੇ ਤੋਂ ਇਕ ਮੀਲ ਪੱਛਮ ਵਿਚ ਕਿਰਾਏ ਦੇ ਜਹਾਜ਼ ਦੇ ਮਲਬੇ ਦਾ ਪਤਾ ਲਗਾਇਆ। ਉਨ੍ਹਾਂ ਕਿਹਾ ਕਿ ਬਚਾਅ ਕਰਮੀਆਂ ਨੂੰ ਜਹਾਜ਼ ਵਿਚ ਇਕ ਮ੍ਰਿਤਕ ਲੜਕੀ ਦੀ ਲਾਸ਼ ਮਿਲੀ। ਇੱਕ ਤੀਜਾ ਵਿਅਕਤੀ, ਜੋ ਪਾਇਲਟ ਜਾਂ ਯਾਤਰੀ ਸੀ, ਐਤਵਾਰ ਤੋਂ ਲਾਪਤਾ ਹੈ।