ਪਾਕਿਸਤਾਨ ’ਚ ਰਾਤ ਭਰ ਪੁਲਸ ਹਿਰਾਸਤ ’ਚ ਰੱਖਣ ਤੋਂ ਬਾਅਦ TV ਪੱਤਰਕਾਰ ਰਿਹਾਅ
Tuesday, Jun 14, 2022 - 04:11 PM (IST)
ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ’ਚ ਰਾਤ ਭਰ ਪੁਲਸ ਦੀ ਹਿਰਾਸਤ ’ਚ ਰਹਿਣ ਤੋਂ ਬਾਅਦ ਟੀ. ਵੀ. ਦਾ ਇਕ ਪੱਤਰਕਾਰ ਸਵੇਰੇ ਵਾਪਸ ਪਰਤ ਆਇਆ। ਟੈਲੀਵਿਜ਼ਨ ਪੱਤਰਕਾਰ ਨੂੰ ਪੁਲਸ ਸਾਦੇ ਕੱਪੜਿਆਂ ’ਚ ਜ਼ਬਰਦਸਤੀ ਲੈ ਗਈ ਸੀ। ਪੱਤਰਕਾਰ ਦੇ ਸਾਥੀਆਂ ਨੇ ਦਿੱਤੀ। ਪਾਕਿਸਤਾਨ ਦੇ ਪੱਤਰਕਾਰ ਸੰਘ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਨਫੀਸ ਨਈਮ ਦੇ ਜਬਰਨ ਲਾਪਤਾ ਹੋਣ ਦੀ ਨਿੰਦਾ ਕੀਤੀ ਗਈ ਸੀ। ਨਈਮ ਨੇ ਹਾਲਾਂਕਿ ਆਪਣੀ ਰਾਤੋ-ਰਾਤ ਹਿਰਾਸਤ ’ਤੇ ਕੋਈ ਟਿੱਪਣੀ ਨਹੀਂ ਕੀਤੀ। ਪੁਲਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਅਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਨਈਮ ਨੂੰ ਕੌਣ ਲੈ ਗਿਆ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਈਮ ਨੂੰ ਲੱਭਣ ਅਤੇ ਬਰਾਮਦ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਨਈਮ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਬੇਨਤੀ
ਨਈਮ ਦੇ ਸਹਿਯੋਗੀਆਂ ਨੇ ਸਰਕਾਰ ਤੋਂ ਉਸ ਦੇ ਲਾਪਤਾ ਹੋਣ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਨਈਮ ‘ਆਜ ਨਿਊਜ਼’ ਟੈਲੀਵਿਜ਼ਨ ’ਚ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਾਦੇ ਕੱਪੜਿਆਂ ਵਿਚ ਕਈ ਲੋਕਾਂ ਨੇ ਉਸ ਨੂੰ ਉਸ ਦੇ ਘਰ ਨੇੜੇ ਇਕ ਬਾਜ਼ਾਰ ਤੋਂ ਹਿਰਾਸਤ ਵਿਚ ਲੈ ਲਿਆ, ਉਨ੍ਹਾਂ ਨੇ ਪੁਲਸ ਦੀ ਗੱਡੀ ਵਿਚ ਬਿਠਾਇਆ ਤੇ ਉਥੋਂ ਚਲੇ ਗਏ। ਟੈਲੀਵਿਜ਼ਨ ਸਟੇਸ਼ਨ ਨੇ ਕਿਹਾ, "ਜੇਕਰ ਕਿਸੇ ਵਿਅਕਤੀ ਨੇ ਕਾਨੂੰਨ ਦੇ ਵਿਰੁੱਧ ਕੰਮ ਕੀਤਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ ਪਰ ਮਨੁੱਖੀ ਅਧਿਕਾਰ ਸਮੂਹ ਅਕਸਰ ਪਾਕਿਸਤਾਨ ਦੀਆਂ ਸਿਵਲ ਅਤੇ ਮਿਲਟਰੀ-ਸਮਰਥਿਤ ਸੁਰੱਖਿਆ ਏਜੰਸੀਆਂ ਅਤੇ ਪੁਲਸ ’ਤੇ ਪੱਤਰਕਾਰਾਂ ਨੂੰ ਪਰੇਸ਼ਾਨ ਕਰਨ ਅਤੇ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹਨ।