ਪਾਕਿਸਤਾਨ ''ਚ ਫ਼ੌਜ ਵਿਰੋਧੀ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਦੋਸ਼ ''ਚ ਗ੍ਰਿਫ਼ਤਾਰ ਟੀਵੀ ਕਾਰਜਕਾਰੀ ਰਿਹਾਅ
Friday, Aug 12, 2022 - 01:46 PM (IST)
ਕਰਾਚੀ (ਏਜੰਸੀ): ਪਾਕਿਸਤਾਨ ਦੀ ਕਰਾਚੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਕ ਟੀਵੀ ਨਿਊਜ਼ ਨਿਰਦੇਸ਼ਕ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ, ਜਿਸ ਨੂੰ ਫ਼ੌਜ ਵਿਰੋਧੀ ਪ੍ਰਸਾਰਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਟੀਵੀ ਨਿਊਜ਼ ਦੇ ਨਿਰਦੇਸ਼ਕ ਦੇ ਸਹਿਯੋਗੀਆਂ ਅਤੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਪ੍ਰਸਿੱਧ ਨਿੱਜੀ ਚੈਨਲ 'ਏਆਰਵਾਈ ਟੈਲੀਵਿਜ਼ਨ' ਦੇ ਸੀਨੀਅਰ ਕਾਰਜਕਾਰੀ ਅੰਮਾਦ ਯੂਸਫ਼ ਦੀ ਰਿਹਾਈ ਤੋਂ ਇੱਕ ਦਿਨ ਪਹਿਲਾਂ ਪੁਲਸ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਯੂਸਫ਼ 'ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਵਿਰੋਧੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਚੀਫ਼ ਆਫ਼ ਸਟਾਫ਼ ਸ਼ਾਹਬਾਜ਼ ਗਿੱਲ ਨਾਲ ਫ਼ੌਜ ਵਿਰੋਧੀ ਇੰਟਰਵਿਊ ਪ੍ਰਸਾਰਿਤ ਕਰਨ ਦਾ ਦੋਸ਼ ਸੀ।
ਕ੍ਰਿਕਟ ਤੋਂ ਸਿਆਸਤਦਾਨ ਬਣੇ ਖਾਨ ਨੂੰ ਅਪ੍ਰੈਲ ਵਿੱਚ ਸੰਸਦ ਵਿੱਚ ਬੇਭਰੋਸਗੀ ਮਤੇ ਰਾਹੀਂ ਬਾਹਰ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਬਾਡੀ ਨੇ ਵੀ ਟੀਵੀ ਸਟੇਸ਼ਨ ਬੰਦ ਕਰ ਦਿੱਤਾ। ਏਆਰਵਾਈ ਦੇ ਅਨੁਸਾਰ ਆਪਣੀ ਰਿਹਾਈ ਤੋਂ ਬਾਅਦ ਯੂਸਫ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਗ੍ਰਿਫ਼ਤਾਰੀ ਵਿਰੁੱਧ ਆਵਾਜ਼ ਉਠਾਈ। ਹਾਲਾਂਕਿ 'ਏਆਰਵਾਈ' ਦਾ ਪ੍ਰਸਾਰਣ ਵੀਰਵਾਰ ਦੇਰ ਰਾਤ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਪ੍ਰਸਾਰਿਤ ਇੱਕ ਵਿਵਾਦਪੂਰਨ ਇੰਟਰਵਿਊ ਵਿੱਚ ਗਿੱਲ ਨੇ ਪਾਕਿਸਤਾਨੀ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਫ਼ੌਜ ਦੇ "ਗੈਰ-ਕਾਨੂੰਨੀ ਹੁਕਮਾਂ" ਨੂੰ ਮੰਨਣ ਤੋਂ ਇਨਕਾਰ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਨ ਵੱਲੋਂ ਇਸ ਟਿੱਪਣੀ ਨੂੰ ਬਗਾਵਤ ਲਈ ਉਕਸਾਉਣ ਵਜੋਂ ਦੇਖਿਆ ਗਿਆ। ਗਿੱਲ ਨੂੰ ਫਿਰ ਦੇਸ਼-ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਲਈ ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਨੂੰ ਵੱਡਾ ਝਟਕਾ, ਮੌਲਾਨਾ ਹੱਕਾਨੀ ਦੀ ਆਤਮਘਾਤੀ ਬੰਬ ਧਮਾਕੇ 'ਚ ਮੌਤ
ਇਸ ਤੋਂ ਪਹਿਲਾਂ ਵੀਰਵਾਰ ਨੂੰ 'ਰਿਪੋਰਟਰਜ਼ ਵਿਦਾਊਟ ਬਾਰਡਰਜ਼' ਨੇ ਯੂਸਫ ਦੀ ਗ੍ਰਿਫ਼ਤਾਰੀ ਅਤੇ ਟੈਲੀਵਿਜ਼ਨ ਚੈਨਲ ਨੂੰ ਬੰਦ ਕਰਨ ਦੀ ਨਿੰਦਾ ਕੀਤੀ ਅਤੇ ਪਾਕਿਸਤਾਨ ਦੀ ਤਾਕਤਵਰ ਫ਼ੌਜ 'ਤੇ ਇਸ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਗਰੁੱਪ ਦੇ ਏਸ਼ੀਆ-ਪੈਸੀਫਿਕ ਡੈਸਕ ਦੇ ਮੁਖੀ ਡੇਨੀਅਲ ਬਸਟਾਰਡ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾਂਦਾ ਹੈ।'' ਹਾਲਾਂਕਿ ਏਆਰਵਾਈ ਨੇ ਗਿੱਲ ਦੀ ਟਿੱਪਣੀ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਉਹ ਫ਼ੌਜ ਵਿਰੁੱਧ ਕਿਸੇ ਮੁਹਿੰਮ ਦਾ ਹਿੱਸਾ ਨਹੀਂ ਹਨ। ਖਾਨ 2018 ਵਿਚ ਪਾਕਿਸਤਾਨ ਵਿਚ ਪਰਿਵਾਰਕ ਸ਼ਾਸਨ ਦੀ ਪ੍ਰਥਾ ਨੂੰ ਤੋੜਨ ਦੇ ਵਾਅਦੇ ਨਾਲ ਸੱਤਾ ਵਿਚ ਆਏ ਸਨ ਪਰ ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਫ਼ੌਜ ਦੀ ਮਦਦ ਨਾਲ ਚੁਣਿਆ ਗਿਆ ਸੀ, ਜਿਸ ਨੇ ਆਪਣੇ 75 ਸਾਲਾਂ ਦੇ ਇਤਿਹਾਸ ਦੇ ਅੱਧੇ ਤੋਂ ਵੱਧ ਸਮੇਂ ਲਈ ਦੇਸ਼ 'ਤੇ ਰਾਜ ਕੀਤਾ ਹੈ।