ਤੁਰਕੀ ਨੇ 40 ਪਾਕਿ ਨਾਗਰਿਕਾਂ ਨੂੰ ਦੇਸ਼ ''ਚੋ ਕੱਢਿਆ, ਹਵਾਈ ਅੱਡੇ ''ਤੇ ਰਹਿਣ ਲਈ ਮਜਬੂਰ
Friday, Jan 22, 2021 - 06:01 PM (IST)
ਇਸਲਾਮਾਬਾਦ/ਅੰਕਾਰਾ (ਬਿਊਰੋ): ਤੁਰਕੀ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 40 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਕੇਂਦਰੀ ਜਾਂਚ ਏਜੰਸੀ ਨੇ 40 ਪਾਕਿਸਤਾਨੀਆਂ ਦੀ ਹਵਾਲਗੀ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਨਾਗਰਿਕ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਉਹਨਾਂ ਨੂੰ ਇਸਲਾਮਾਬਾਦ ਵਾਪਸ ਭੇਜ ਦਿੱਤਾ ਗਿਆ ਹੈ।
ਪਹਿਲਾਂ ਵੀ ਹੋ ਚੁੱਕੀ ਹੈ ਅਜਿਹੀ ਕਾਰਵਾਈ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਹਵਾਈ ਅੱਡੇ ਵਿਚ ਤੁਰਕੀ ਤੋਂ ਭੇਜੇ ਗਏ ਪਾਕਿਸਤਾਨੀਆਂ ਦੇ ਰਹਿਣ-ਖਾਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।ਇਸ ਲਈ ਦੋਹਾਂ ਦੇਸ਼ਾਂ ਦੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਇਕ ਸਮਝੌਤਾ ਕੀਤਾ ਸੀ।ਇਸੇ ਦੇ ਤਹਿਤ ਇਹਨਾਂ ਪਾਕਿਸਤਾਨੀ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ। ਤੁਰਕੀ ਨੇ 1 ਅਪ੍ਰੈਲ, 2019 ਨੂੰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 47 ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਸੀ। ਇਹਨਾਂ ਨੂੰ ਇਕ ਵਿਸ਼ੇਸ਼ ਜਹਾਜ਼ ਜ਼ਰੀਏ ਸ਼ਾਰਜਾਹ ਦੇ ਰਸਤੇ ਇਸਲਾਮਾਬਾਦ ਲਿਆਂਦਾ ਗਿਆ ਸੀ। ਸਾਲ 2019 ਵਿਚ ਹੀ ਤੁਰਕੀ ਨੇ ਦੇਸ਼ ਵਿਚ ਗੈਗ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 7 ਪਾਕਿਸਤਾਨੀਆਂ ਨੂੰ ਫੜਿਆ ਸੀ। ਉਹਨਾਂ ਨੂੰ ਟੀਕੇ-710 ਫਲਾਈਟ ਤੋਂ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ।
ਹੁਣ ਤੱਕ 5 ਲੱਖ ਤੋਂ ਵੱਧ ਨਾਗਰਿਕ ਭੇਜੇ ਗਏ ਵਾਪਸ
ਇਕ ਰਿਪੋਰਟ ਮੁਤਾਬਕ, ਪਿਛਲੇ 6 ਸਾਲਾਂ ਵਿਚ ਦੁਨੀਆ ਦੇ ਕਈ ਦੇਸ਼ਾਂ ਤੋਂ ਕਰੀਬ 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾ ਚੁੱਕਾ ਹੈ। ਪਿਛਲੇ 6 ਸਾਲਾਂ ਵਿਚ ਦੁਨੀਆ ਭਰ ਦੇ 134 ਦੇਸ਼ਾਂ ਤੋਂ ਕੁੱਲ 5,19,000 ਪਾਕਿਸਤਾਨੀ ਘਰ ਭੇਜੇ ਜਾ ਚੁੱਕੇ ਹਨ, ਇਹਨਾਂ 'ਤੇ ਫਰਜ਼ੀ ਦਸਤਾਵੇਜ਼ ਦਿਖਾਉਣ ਸਮੇਤ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮੁਕੱਦਮੇ ਦਰਜ ਕੀਤੇ ਗਏ ਹਨ। ਸਾਊਦੀ ਅਰਬ, ਯੂ.ਈ.ਏ., ਓਮਾਨ ਤੋਂ ਵੀ ਹਰੇਕ ਸਾਲ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨ ਨਾਗਰਿਕਾਂ ਨੂੰ ਵਾਪਸ ਭੇਜਿਆ ਜਾਂਦਾ ਹੈ। ਇਸ ਦੇ ਬਾਵਜੂਦ ਸਾਊਦੀ ਅਰਬ ਅਤੇ ਤੁਰਕੀ ਵਿਚ 65,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਡਿਪੋਰਟੀ ਕੈਂਪ ਵਿਚ ਰੱਖੇ ਗਏ ਹਨ।
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਸਾਊਦੀ ਅਰਬ ਤੋਂ ਸਭ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਮਲੇਸ਼ੀਆ, ਬ੍ਰਿਟੇਨ, ਗ੍ਰੀਸ, ਅਮਰੀਕਾ, ਚੀਨ, ਈਰਾਨ ਅਤੇ ਜਰਮਨੀ ਵੀ ਪਾਕਿਸਤਾਨ ਦੇ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਯੁੱਧ ਪੀੜਤ ਦੇਸ਼ ਸੀਰੀਆ,ਅਫਗਾਨਿਸਤਾਨ ਅਤੇ ਲੀਬੀਆ ਤੋਂ ਵੀ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਜਾ ਰਹੀ ਹੈ। ਇਹਨਾਂ ਵਿਚ ਗੈਗ ਕਾਨੂੰਨੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸਮੂਹ ਦੀ ਲੀਬੀਆ ਤੋਂ ਹਵਾਲਗੀ ਕੀਤੀ ਗਈ ਸੀ। ਲੀਬੀਆ ਯੂਰਪ ਦਾ ਗੇਟਵੇਅ ਹੈ, ਇਸ ਕਾਰਨ ਕਈ ਪਾਕਿਸਤਾਨੀ ਗੈਰ ਕਾਨੂੰਨੀ ਢੰਗ ਨਾਲ ਇੱਥੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।